ਮੁੱਖ ਮੰਤਰੀ ਯੋਗੀ ਨੇ ਦਿੱਤੀ ਹਰੀ ਝੰਡੀ

ਲਖਨਊ, 12 ਅਕਤੂਬਰ (ਹਮਦਰਦ ਬਿਊਰੋ) : ਉੱਤਰ ਪ੍ਰਦੇਸ਼ ਵਿੱਚ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਬੰਗਲਾਦੇਸ਼ੀਆਂ ਨੂੰ ਬਾਹਰ ਕੱਢਣ ਦੀ ਮੁਹਿੰਮ ਸ਼ੁਰੂ ਹੋ ਗਈ ਹੈ। ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਹੋਈ ਉਚ ਪੱਧਰੀ ਬੈਠਕ ਵਿੱਚ ਉੱਤਰ ਪ੍ਰਦੇਸ਼ ਵਿੱਚ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਬੰਗਲਾਦੇਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਬਾਹਰ ਕੱਢਣ ਦਾ ਹੁਕਮ ਦਿੱਤਾ ਹੈ। ਦਰਅਸਲ ਪੁਲਿਸ ਅਧਿਕਾਰੀਆਂ ਨੇ ਸੂਬੇ ਵਿੱਚ ਕਾਨੂੰਨ ਵਿਵਸਥਾ ਵਿਗਾੜਨ ਲਈ ਇਨ੍ਹਾਂ ਬੰਗਲਾਦੇਸ਼ੀ ਘੁਸਪੈਠੀਆਂ ਨੂੰ ਵੀ ਜਿੰਮੇਦਾਰ ਠਹਿਰਾਇਆ ਸੀ, ਜਿਸ ਤੋਂ ਬਾਅਦ ਯੋਗੀ ਸਰਕਾਰ ਨੇ ਇਨ੍ਹਾਂ ਦੀ ਪਛਾਣ ਕਰਕੇ ਸੂਬੇ ’ਚੋਂ ਬਾਹਰ ਕੱਢਣ ਦਾ ਹੁਕਮ ਦਿੱਤਾ ਹੈ। ਮੁੱਖ ਮੰਤਰੀ ਯੋਗੀ ਨਾਲ ਬੈਠਕ ਤੋਂ ਬਾਅਦ ਯੂਪੀ ਪੁਲਿਸ ਨੇ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕਾਂ ਵਿਰੁੱਧ ਮੁਹਿੰਮ ਸ਼ੁਰੂ ਕਰ ਦਿੱਤੀ ਹੈ।

ਏਡੀਜੀ (ਕਾਨੂੰਨ ਵਿਵਸਥਾ) ਆਨੰਦ ਕੁਮਾਰ ਨੇ ਕਿਹਾ ਕਿ ਗੈਰ ਕਾਨੂੰਨੀ ਤੌਰ ’ਤੇ ਰਹਿ ਰਹੇ ਵਿਦੇਸ਼ੀ ਨਾਗਰਿਕਾਂ ਨੂੰ ਹਟਾਉਣ ਲਈ ਮੁਹਿੰਮ ਚਲਾਈ ਜਾਵੇਗੀ। ਇਨ੍ਹਾਂ ਬੰਗਲਾਦੇਸ਼ੀ ਨਾਗਰਿਕਾਂ  ਵਿਰੁੱਧ ਮੁਹਿੰਮ ਚਲਾਉਣ ਲਈ ਰੋਡ ਮੈਪ ਤਿਆਰ ਕੀਤਾ ਜਾ ਰਹਿ ਹੈ। ਉਨ੍ਹਾਂ ਕਿਹਾ ਕਿ ਰੋਡਮੈਪ ਤਿਆਰ ਕਰਕੇ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕਾਂ ਨੂੰ ਪ੍ਰਦੇਸ਼ ਵਿੱਚੋਂ ਬਾਹਰ ਕੱਢ ਦਿੱਤਾ ਜਾਵੇਗਾ।  ਗੈਰ ਕਾਨੂੰਨੀ ਬੰਗਲਾਦੇਸ਼ੀ ਨਾਗਰਿਕਾਂ ਦੇ ਨਾਲ-ਨਾਲ ਸਾਰੇ ਵਿਦੇਸ਼ੀ ਨਾਗਰਿਕਾਂ ਦੇ ਦਸਤਾਵੇਜਾਂ ਦੀ ਜਾਂਚ ਹੋਵੇਗੀ।

ਹੋਰ ਖਬਰਾਂ »