ਅੰਮ੍ਰਿਤਸਰ, 12 ਅਕਤੂਬਰ (ਹਮਦਰਦ ਬਿਊਰੋ) : ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਸਿੱਖਾਂ ਦੇ ਦੋ ਧੜੇ ਆਪਸ ’ਚ ਭਿੜ ਗਏ, ਜਿਸ ਦੌਰਾਨ ਦੋਵਾਂ ਧਿਰਾਂ ਦੇ ਕਈ ਲੋਕ ਜ਼ਖ਼ਮੀ ਹੋ ਗਏ। ਇਹ ਟਕਰਾਅ ਉਦੋਂ ਹੋਇਆ ਜਦੋਂ ਸਰਬੱਤ ਖਾਲਸਾ ਧਿਰ ਦੇ ਜਥੇਦਾਰਾਂ ਵੱਲੋਂ ਛੋਟਾ ਘੱਲੂਘਾਰਾ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੂੰ ਅੱਜ ਅਕਾਲ ਤਖਤ ਸਾਹਿਬ ’ਚ ਤਲਬ ਕੀਤਾ ਗਿਆ ਸੀ। ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਜਦੋਂ ਉਨ੍ਹਾਂ ਨੂੰ ਰਵਾਇਤੀ ਤਰੀਕੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਹੀਆ ਕਰਾਰ ਦੇਣ ਲਈ ਉਥੇ ਪੁੱਜੇ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਪੇਸ਼ ਹੋਏ ਮਾਸਟਰ ਜੌਹਲ ਸਿੰਘ ਨੂੰ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਤੇ ਟਾਸਕ ਫੋਰਸ ਨੇ ਜ਼ਬਰਦਸਤੀ ਚੁੱਕ ਕੇ ਦਰਬਾਰ ਸਾਹਿਬ ਕੰਪਲੈਕਸ ਤੋਂ ਬਾਹਰ ਲਿਆ ਕੇ ਸੁੱਟ ਦਿੱਤਾ। ਇਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਵਾਲੇ ਪਾਸੇ ਗਰਮ ਖਿਆਲੀ ਆਗੂਆਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਵਿਚਕਾਰ ਝੜਪ ਹੋ ਗਈ। ਇਸ ਝੜਪ ਦੌਰਾਨ ਗੋਪਾਲ ਸਿੰਘ ਦੀ ਪੱਗ ਵੀ ਲੱਥ ਗਈ ਅਤੇ ਸਤਨਾਮ ਸਿੰਘ ਮਨਾਵਾਂ ਤੇ ਜਰਨੈਲ ਸਿੰਘ ਜ਼ਖਮੀ ਹੋ ਗਏ। ਪੁਲਿਸ ਦੇ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਜਦੋਂ ਦਰਬਾਰ ਸਾਹਿਬ ਤੋਂ ਬਾਹਰ ਮੁਤਵਾਜ਼ੀ ਜਥੇਦਾਰਾਂ ਵੱਲੋਂ ਮਾਸਟਰ ਜੌਹਲ ਸਿੰਘ ਨੂੰ ਸਜ਼ਾ ਸਣਾਈ ਜਾਣ ਲੱਗੀ ਤਾਂ ਮੁੜ ਤਣਾਅ ਵਾਲੀ ਸਥਿਤੀ ਪੈਦਾ ਹੋ ਗਈ। ਇਸ ਤੋਂ ਬਾਅਦ ਦੋਵੇਂ ਧਿਰਾਂ ਵਿਚਕਾਰ ਕਿਰਪਾਨਾਂ ਖਿੱਚ ਗਈਆਂ ਅਤੇ ਦੋਵਾਂ ਪਾਸਿਓਂ ਇਕ-ਦੂਜੇ ਵਿਰੁੱਧ ਤਿੱਖੀ ਨਾਅਰੇਬਾਜ਼ੀ ਹੋਈ। ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਵਲੋਂ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੂੰ ਤੁਰੰਤ ਉਨ੍ਹਾਂ ਦੇ ਨੇੜਿਓਂ ਦੂਰ ਹੋਣ ਲਈ ਕਿਹਾ ਗਿਆ ਤੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇ ਉਹ ਦੂਰ ਨਾ ਹੋਏ ਤਾਂ ਉਨ੍ਹਾਂ ਦੇ ਸਬਰ ਦਾ ਪਿਆਲਾ ਭਰ ਜਾਵੇਗਾ ਤੇ ਉਹ ਹਾਜ਼ਰ ਸੰਗਤਾਂ ਨੂੰ ਕੋਈ ਵੀ ਹੁਕਮ ਦੇ ਸਕਦੇ ਹਨ। ਇਸ ਮੌਕੇ ਜਦੋਂ ਪੁਲਸ ਦੀ ਨਫਰੀ ਵੱਧ ਗਈ ਤਾਂ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਆਪਣੇ ਆਪ ਪਿੱਛੇ ਹੱਟ ਗਏ। ਇਸ ਤੋਂ ਬਾਅਦ ਮਾਸਟਰ ਜੌਹਰ ਸਿੰਘ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਤੇ ਉਨ੍ਹਾਂ ਨੂੰ ਵੱਖ-ਵੱਖ ਗੁਰਦੁਆਰਿਆਂ ’ਚ ਕੀਰਤਨ ਸੁਣਨ, ਭਾਂਡੇ ਧੋਣ ਤੇ ਜੋੜੇ ਸਾਫ਼ ਕਰਨ ਦੀ ਸਜ਼ਾ ਸੁਣਾਈ ਗਈ। ਮੁਤਵਾਜ਼ੀ ਜਥੇਦਾਰਾਂ ਵੱਲੋਂ ਸੁਣਾਈ ਇਸ ਸਜ਼ਾ ਨੂੰ ਉਨ੍ਹਾਂ ਨੇ ਸਿਰ-ਮੱਥੇ ਕਬੂਲ ਕਰਦਿਆਂ ਕਿਹਾ ਕਿ ਕੱਲ੍ਹ ਤੋਂ ਸੱਚਖੰਡ ਸ੍ਰੀ ਹਰਿੰਮਦਰ ਸਾਹਿਬ ਆਪਣੀ ਸਜ਼ਾ ਭੁਗਤਣ ਲਈ ਪਹੁੰਚਣਗੇ। ਮਾਸਟਰ ਜੌਹਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਅਕਾਲ ਤਖ਼ਤ ਸਾਹਿਬ ਤੋਂ ਚੁੱਕ ਕੇ ਦਰਬਾਰ ਸਾਹਿਬ ਦੇ ਕੰਪਲੈਕਸ ’ਚ ਸੁੱਟਿਆ ਗਿਆ ਹੈ। ਇਸ ਮਾਮਲੇ ਸਬੰਧੀ ਜਦੋਂ ਐੱਸਜੀਪੀਸੀ ਦੇ ਸਕੱਤਰ ਡਾ. ਰੂਪ ਸਿੰਘ ਸਕੱਤਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਇਸ ਮਾਮਲੇ ’ਤੇ ਕੋਈ ਵੀ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ।

ਹੋਰ ਖਬਰਾਂ »