ਜੰਮੂ, 12 ਅਕਤੂਬਰ (ਹਮਦਰਦ ਬਿਊਰੋ) : ਜੰਮੂ-ਕਸ਼ਮੀਰ ਦੇ ਪੁੰਛ ਜਿਲ੍ਹੇ ਵਿੱਚ ਪਾਕਿਸਤਾਨੀ ਫੌਜ ਨੇ ਕੰਟਰੋਲ ਰੇਖਾ (ਐਲਓਸੀ) ’ਤੇ ਬਿਨਾ ਕਿਸੇ ਕਾਰਨ ਦੇ ਭਾਰਤੀ ਚੌਕੀਆਂ ’ਤੇ ਹਮਲਾ ਕੀਤਾ। ਇਸ ਗੋਲੀਬਾਰੀ ਵਿੱਚ ਇੱਕ ਜਵਾਨ ਸ਼ਹੀਦ ਹੋ ਗਿਆ ਅਤੇ ਇੱਕ ਨਾਗਰਿਕ ਦੀ ਮੌਤ ਹੋ ਗਈ। ਰੱਖਿਆ ਮੰਤਰਾਲੇ ਦੇ ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨੀ ਫੌਜ ਨੇ ਕ੍ਰਿਸ਼ਨਾ ਘਾਟੀ ਸੈਕਟਰ ਵਿੱਚ ਭਾਰਤੀ ਚੌਕੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਮੋਰਟਾਰ ਦਾਗੇ ਅਤੇ ਸਵੈਚਾਲਿਤ ਤੇ ਛੋਟੇ ਹਥਿਆਰਾਂ ਨਾਲ ਹਮਲਾ ਕੀਤਾ। ਅਧਿਕਾਰੀ ਨੇ ਦੱਸਿਆ ਕਿ ਭਾਰਤ ਨੇ ਜੋਰਦਾਰ ਢੰਗ ਨਾਲ ਇਸ ਦਾ ਮੂੰਹਤੋੜ ਜਵਾਬ ਦਿੱਤਾ। ਕੰਟਰੋਲ ਰੇਖਾ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਮੂ ਅਤੇ ਕਸ਼ਮੀਰ ਨੂੰ ਵੰਡਦੀ ਹੈ।  ਸਾਲ 2017 ਵਿੱਚ ਪਾਕਿਸਤਾਨ ਵੱਲੋਂ ਜੰਗਬੰਦੀ ਵਿੱਚ ਤੇਜੀ ਨਾਲ ਵਾਧਾ ਹੋ ਰਿਹਾ ਹੈ। ਅਧਿਕਾਰਕ ਅੰਕੜਿਆਂ ਮੁਤਾਬਕ ਇਸ ਸਾਲ 30 ਸਤੰਬਰ ਤੱਕ ਪਾਕਿਸਤਾਨ ਵੱਲੋਂ 600 ਵਾਰ ਜੰਗਬੰਦੀ ਦਾ ਉਲੰਘਣ ਕੀਤਾ ਜਾ ਚੁੱਕਾ ਹੈ। ਪਿਛਲੇ ਦਸ ਸਾਲਾਂ ਵਿੱਚ ਇਹ ਅੰਕੜਾ ਸਭ ਤੋਂ ਜਿਆਦਾ ਹੈ। ਗ੍ਰਹਿ ਮੰਤਰਾਲੇ ਵੱਲੋਂ ਜੋ ਜਾਣਕਾਰੀ ਦਿੱਤੀ ਗਈ ਹੈ ਉਸ ਦੇ ਮੁਤਾਬਕ ਜੰਗਬੰਦੀ ਉਲੰਘਣ ਵਿੱਚ 8 ਨਾਗਰਿਕਾਂ ਅਤੇ ਸੁਰੱਖਿਆ ਦਸਤਿਆਂ ਦੇ 16 ਜਵਾਨ ਸ਼ਹੀਦ ਹੋ ਚੁੱਕੇ ਹਨ। ਦੱਸ ਦੇਈਏ ਕਿ ਬੁੱਧਵਾਰ ਨੂੰ ਬਾਂਦੀਪੋਰ ਵਿੱਚ ਲਸ਼ਕਰ ਏ ਤਇਬਾ ਦੇ ਅੱਤਵਾਦੀਆਂ ਦੇ ਵਿਚਕਾਰ ਐਨਕਾਉਂਟਰ ਹੋਇਆ ਸੀ। ਇਸ ਐਨਕਾਉਂਟਰ ਵਿੱਚ ਦੋ ਅੱਤਵਾਦੀ ਢੇਰ ਹੋ ਗਏ ਸਨ, ਪਰ ਇੰਡੀਅਨ ਏਅਰਫੋਰਸ ਦੇ ਦੋ ਗਰੂੜ ਜਵਾਨ ਵੀ ਸ਼ਹੀਦ ਹੋ ਗਏ ਸਨ।

ਹੋਰ ਖਬਰਾਂ »