ਜਲੰਧਰ, 14 ਅਕਤੂਬਰ (ਹ.ਬ.) : ਇੱਥੋਂ ਦੀ ਰਹਿਣ ਵਾਲੀ ਤੇ ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਗੁਰਮੇਹਰ ਕੌਰ ਨੂੰ ਟਾਈਮ ਮੈਗਜ਼ੀਨ ਨੇ ਅਕਤੂਬਰ ਮਹੀਨੇ ਦੇ ਅੰਕ ਵਿਚ 'ਫ੍ਰੀ ਸਪੀਚ ਵਾਰੀਅਰ' ਕਿਹਾ ਹੈ। ਮੈਗਜ਼ੀਨ ਵਲੋਂ ਇਹ ਰੁਤਬਾ ਦੇਣ 'ਤੇ ਉਹ ਪੂਰੀ ਤਰ੍ਹਾਂ ਗਦਗਦ ਹੈ ਤੇ ਇਸ ਨੂੰ ਮਾਣ ਵਾਲੀ ਗੱਲ ਕਹਿੰਦੀ ਹੈ। ਇਸੇ ਅੰਕ ਵਿਚ ਮੈਗਜ਼ੀਨ ਨੇ ਗੁਰਮੇਹਰ ਸਮੇਤ 10 ਮੁੰਡੇ ਕੁੜੀਆਂ ਨੂੰ ਥਾਂ ਦਿੱਤੀ ਜਿਨ੍ਹਾਂ ਆਪਣੇ ਕੰਮਾਂ ਨਾਲ ਦੁਨੀਆ ਵਿਚ ਇੱਕ ਵੱਖਰੀ ਪਛਾਣ ਬਣਾਈ। ਜ਼ਿਕਰਯੋਗ ਹੈ ਕਿ ਗੁਰਮੇਹਰ ਕੌਰ ਇਸ ਸਾਲ ਉਦੋਂ ਚਰਚਾ ਵਿਚ ਆਈ ਜਦੋਂ ਦਿੱਲੀ ਦੇ ਰਾਮਜਸ ਕਾਲਜ ਵਿਚ ਏਬੀਵੀਪੀ ਦੀ ਗੁੰਡਾਗਰਦੀ ਖ਼ਿਲਾਫ਼ ਉਸ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਪਾਈ 'ਮੈਂ ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਹਾਂ। ਮੈਂ ਏਬੀਵੀਪੀ ਤੋਂ ਨਹੀਂ ਡਰਦੀ। ਇਸ ਤੋਂ ਬਾਅਦ ਉਸ ਨੂੰ ਬਲਾਤਕਾਰ ਤੇ ਜਾਨੋਂ ਮਾਰਨ ਤੱਕ ਦੀਆਂ ਧਮਕੀਆਂ ਮਿਲੀਆਂ। ਇਸ ਦੇ ਬਾਵਜੂਦ ਉਹ ਖੁਲ੍ਹ ਕੇ ਗਲਤ ਦੇ ਖ਼ਿਲਾਫ਼ ਬੋਲਦੀ ਰਹੀ ਇਸ ਨਾਲ ਉਸ ਨੂੰ ਕੌਮੀ ਪੱਧਰ 'ਤੇ ਪਛਾਣ ਮਿਲੀ। ਕਈ ਵੱਡੀਆਂ ਹਸਤੀਆਂ ਜੱਥੇਬੰਦੀਆਂ ਤੇ ਸਿਆਸੀ ਪਾਰਟੀਆਂ ਨੇ ਉਸ ਦਾ ਸਮਰਥਨ ਕੀਤਾ। ਇਸ ਸਬੰਧੀ ਗੁਰਮੇਹਰ ਕਹਿੰਦੀ ਹੈ ਕਿ  ਉਸ ਨੇ ਤੇ ਉਸ ਦੇ ਪਰਿਵਾਰ ਨੇ ਬੜੀ ਤਕਲੀਫ ਝੱਲੀ ਹੈ। ਪੰਜਾਬ ਵਿਚ ਉਸ ਦੀ ਸੁਰੱਖਿਆ ਨੂੰ ਏਨਾ ਖ਼ਤਰਾ ਨਹੀਂ ਹੈ ਪਰ ਫੇਰ ਵੀ ਦਿੱਲੀ ਤੇ ਹੋਰ ਥਾਵਾਂ 'ਤੇ ਉਸ ਨੂੰ ਕਾਫੀ ਸੁਚੇਤ ਰਹਿਣਾ ਪੈਂਦਾ ਹੈ।

ਹੋਰ ਖਬਰਾਂ »

ਪੰਜਾਬ