ਅਸਤੀਫੇ ਪਿੱਛੇ ਨਿੱਜੀ ਕਾਰਨਾਂ ਦਾ ਦਿੱਤਾ ਹਵਾਲਾ

ਨਵੀਂ ਦਿੱਲੀ, 20 ਅਕਤੂਬਰ (ਹਮਦਰਦ ਬਿਊਰੋ) : ਭਾਰਤ ਸਰਕਾਰ ਦੇ ਸਾਲਿਸਟਰ ਜਨਰਲ ਰਣਜੀਤ ਕੁਮਾਰ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ਨੇ ਅਸਤੀਫਾ ਦੇਣ ਦੇ ਪਿੱਛੇ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਉਹ ਕੁਝ ਸਮਾਂ ਆਪਣੇ ਪਰਿਵਾਰ ਨਾਲ ਬਿਤਾਉਣਾ ਚਾਹੁੰਦੇ ਹਨ। ਇਸ ਲਈ ਅਸਤੀਫਾ ਦੇ ਰਹੇ ਹਨ। ਉਨ੍ਹਾਂ ਨੂੰ 7 ਜੂਨ 2014 ਨੂੰ ਤਿੰਨ ਸਾਲ ਲਈ ਸਾਲਿਸਟਰ ਜਨਰਲ ਬਣਾਇਆ ਗਆ ਸੀ। ਉਸ ਤੋਂ ਬਾਅਦ ਇਸ ਸਾਲ ਜੂਨ ਵਿੱਚ ਉਨ੍ਹਾਂ ਦਾ ਕਾਰਜਕਾਲ ਅਗਲੇ ਹੁਕਮ ਤੱਕ ਲਈ ਵਧਾ ਦਿੱਤਾ ਗਿਆ ਸੀ। ਕੁਮਾਰ ਨੇ ਮੋਹਨ ਪਰਾਸਰਨ ਦਾ ਸਥਾਨ ਲਿਆ ਸੀ, ਜਿਨ੍ਹਾਂ ਨੇ ਕੌਮੀ ਲੋਕਤੰਤਰਿਕ ਗਠਜੋੜ ਸਰਕਾਰ ਦੇ ਸੱਤਾ ਵਿੱਚ ਆਉਣ ’ਤੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਦੱਸ ਦਈਏ ਕਿ ਕੁਝ ਮਹੀਨੇ ਪਹਿਲਾਂ ਅਟਾਰਨੀ ਜਨਰਲ ਦੇ ਅਹੁਦੇ ਤੋਂ ਮੁਕੁਲ ਰੋਹਤਗੀ ਨੇ ਵੀ ਅਸਤੀਫਾ ਦੇ ਦਿੱਤਾ ਸੀ। ਮੁਕੁਲ ਨੇ ਵੀ ਅਸਤੀਫਾ ਦੇਣ ਦਾ ਕਾਰਨ ਇਹੀ ਦੱਸਿਆ ਸੀ ਕਿ ਉਹ ਹੁਣ ਆਪਣੇ ਪਰਿਵਾਰ ਨੂੰ ਸਮਾਂ ਦੇਣਾ ਚਾਹੁੰਦੇ ਹਨ। ਉੱਥੇ ਹੀ ਮੰਨਿਆ ਜਾ ਰਿਹਾ ਹੈ ਕਿ ਸਰਕਾਰ ਆਪਣੀ ਕਾਨੂੰਨੀ ਟੀਮ ਮੁੜ ਗਠਤ ਕਰਨਾ ਚਾਹੁੰਦੀ ਹੈ, ਇਸੇ ਕਾਰਨ ਉਨ੍ਹਾਂ ਨੇ ਅਸਤੀਫਾ ਦਿੱਤਾ ਹੈ। ਅਟਾਰਨੀ ਜਨਰਲ ਅਤੇ ਸਾਲਿਸਟਰ ਜਨਰਲ ਭਾਰਤ ਸਰਕਾਰ ਦੇ ਮੁੱਖ ਕਾਨੂੰਨੀ ਸਲਾਹਕਾਰ ਹੁੰਦੇ ਹਨ। ਇਹ ਸੁਪਰੀਮ ਕੋਰਟ ਵਿੱਚ ਅਹਿਮ ਮੁੱਦਿਆਂ ’ਤੇ ਸਰਕਾਰ ਦਾ ਪੱਖ ਰੱਖਦੇ ਹਨ।

ਹੋਰ ਖਬਰਾਂ »