ਆਰਐਸਐਸ ਨੇਤਾਵਾਂ ਦੇ ਕਤਲ ਦੀ ਜਾਂਚ ਕੀਤੀ ਮੁਕੰਮਲ

ਚੰਡੀਗੜ੍ਹ, 20 ਅਕਤੂਬਰ (ਹਮਦਰਦ ਬਿਊਰੋ) : ਪੰਜਾਬ ਵਿੱਚ ਹਿੰਦੂ ਸੰਗਠਨਾਂ ਦੇ ਨੇਤਾਵਾਂ ’ਤੇ ਹੋ ਰਹੇ ਹਮਲਿਆਂ ਲਈ ਧਾਰਮਿਕ ਕੱਟੜਵਾਦ ਜਿੰਮੇਵਾਰ ਹੈ। ਸੀਬੀਆਈ ਸੂਤਰਾਂ ਮੁਤਾਬਕ ਪੰਜਾਬ ਵਿੱਚ ਇਨ੍ਹਾਂ ਹਮਲਿਆਂ ਦੇ ਪਿੱਛੇ ਖਾਲਿਸਤਾਨੀ ਖਾੜਕੂ ਸੰਗਠਨਾਂ ਦਾ ਹੱਥ ਹੈ। 26 ਸਤੰਬਰ 2017 ਨੂੰ ਲੁਧਿਆਣਾ ਤੋਂ ਫੜ੍ਹੇ ਗਏ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਸੱਤ ਖਾੜਕੂਆਂ ਨੇ ਪੁਲਿਸ ਪੁੱਛਗਿੱਛ ਵਿੱਚ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਦੇ ਨਿਸ਼ਾਨੇ ’ਤੇ ਖਾਲਿਸਤਾਨ ਵਿਰੋਧੀ ਹਿੰਦੂ ਨੇਤਾ ਸਨ।

ਪੰਜਾਬ ਪੁਲਿਸ ਨੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਸੱਤ ਖਾੜਕੂਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜੇ ’ਚੋਂ ਤਿੰਨ ਪਿਸਤੌਲਾਂ ਅਤੇ 33 ਜਿੰਦਾ ਕਾਰਤੂਸ ਬਰਾਮਦ ਕੀਤੇ, ਜਿਸ ਤੋਂ ਸਾਫ਼ ਹੁੰਦਾ ਹੈ ਕਿ ਉਨ੍ਹਾਂ ਦੇ ਇਰਾਦੇ ਖੌਫ਼ਨਾਕ ਸਨ। ਸੀਬੀਆਈ ਜੀ ਜਾਂਚ ਰਿਪੋਰਟ ਨੇ ਇਸ ਗੱਲ ਦੀ ਪੁਸ਼ਟੀ ਵੀ ਕਰ ਦਿੱਤੀ ਹੈ। ਪੰਜਾਬ ਦੇ ਹਿੰਦੂ ਨੇਤਾਵਾਂ ਦੇ ਕਤਲ ਦੀ ਜਾਂਚ ਸੀਬੀਆਈ ਕਰ ਰਹੀ ਹੈ।

ਸੀਬੀਆਈ ਦੇ ਇੱਕ ਅਧਿਕਾਰੀ ਦੇ ਮੁਤਾਬਕ ਇਨ੍ਹਾਂ ਕਤਲਾਂ ਨੂੰ ਅੰਜਾਮ ਦੇਣ ਦਾ ਢੰਗ ਲਗਭਗ ਇੱਕੋ ਜਿਹਾ ਹੈ ਅਤੇ ਕਤਲ ਲਈ ਇੱਕ ਹੀ ਕਿਸਮ ਦੇ ਹਥਿਆਰਾਂ ਜਿਵੇਂ .32 ਬੋਰ ਰਿਵਾਲਵਰ ਅਤੇ 9 ਐਮਐਮ ਗੰਨ ਦੀ ਵਰਤੋਂ ਕੀਤੀ ਗਈ। ਸੀਬੀਆਈ ਸੂਤਰਾਂ ਦੇ ਮੁਤਾਬਕ ਹਿੰਦੂ ਨੇਤਾਵਾਂ ’ਤੇ ਹਮਲੇ ਕਰਨ ਵਾਲੇ ਜਿਆਦਾਤਰ ਹਮਲਾਵਰ ਦੋਪਹੀਆ ਵਾਹਨਾਂ ’ਤੇ ਹੀ ਸਵਾਰ ਹੋ ਕੇ ਆਉਂਦੇ ਹਨ ਅਤੇ ਉਨ੍ਹਾਂ ਦੇ ਮੂੰਹ ਢਕੇ ਹੁੰਦੇ ਹਨ।

ਸੀਬੀਆਈ ਨੂੰ ਸੌਂਪੀ ਗਈ ਹਿੰਦੂ ਨੇਤਾਵਾਂ ਦੇ ਕਤਲ ਦੀ ਜਾਂਚ ਮੁਕੰਮਲ ਹੋ ਚੁੱਕੀ ਹੈ। ਸੀਬੀਆਈ ਨੇ ਜਨਵਰੀ 2016 ਅਤੇ ਜੁਲਾਈ 2017 ਦੇ ਵਿਚਕਾਰ ਹਮਲੇ ਵਿੱਚ ਮਾਰੇ ਗਏ ਆਰਐਸਐਸ, ਸ਼ਿਵਸੈਨਾ, ਸ੍ਰੀ ਹਿੰਦੂ ਤਖ਼ਤ ਅਤੇ ਦੂਜੇ ਨੇਤਾਵਾਂ ਦੇ ਸਮਰਥਕਾਂ ਦੇ ਹਮਲੇ ਵਿੱਚ ਵਰਤੇ ਗਏ 33 ਬੁਲੇਟ ਸੀਐਫਐਸਐਲ ਕੇਂਦਰੀ ਫੋਰੈਂਸਿਕ ਸਾਇੰਸ ਲੈਬਾਰਟਰੀ ਨੂੰ ਸੌਂਪੇ ਸਨ। ਸੀਬੀਆਈ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਹਿੰਦੂ ਨੇਤਾਵਾਂ ’ਤੇ ਜਿਆਦਾਤਰ ਹਮਲੇ ਸ਼ਨਿੱਚਰਵਾਰ ਨੂੰ ਹੋਏ। ਫਿਲਹਾਲ ਹਿੰਦੂ ਨੇਤਾਵਾਂ ’ਤੇ ਹੋ ਰਹੇ ਹਮਲਿਆਂ ਵਿੱਚ ਸ਼ਾਮਲ ਸਾਰੇ ਅਪਰਾਧੀ ਪੁਲਿਸ ਦੀ ਪਕੜ ’ਚੋਂ ਬਾਹਰ ਹਨ।

ਦੱਸ ਦੇਈਏ ਕਿ ਆਰਐਸਐਸ ਮੁਖੀ ਦੇ ਐਲਾਨ ਤੋਂ ਬਾਅਦ ਸਿੱਖ ਕੱਟੜਪੰਥੀਆਂ ਨੇ ਸਾਲ 2002 ਵਿੱਚ ਰਾਸ਼ਟਰੀ ਸਿੱਖ ਸੰਗਤ ਨੂੰ ਸਿੱਖ ਵਿਰੋਧੀ ਕਰਾਰ ਦਿੱਤੀ ਸੀ। ਬੱਬਰ ਖਾਲਸਾ ਇੰਟਰਨੈਸ਼ਨਲ ਨਾਂ ਦੇ ਖਾਲਿਸਤਾਨੀ ਸੰਗਠਨ ਨੇ 2009 ਵਿੱਚ ਰਾਸ਼ਟਰੀ ਸਿੱਖ ਸੰਗਤ ਦੇ ਪ੍ਰਧਾਨ ਰੁਲਦਾ ਸਿੰਘ ਦਾ ਪਟਿਆਲਾ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਉਸ ਤੋਂ ਬਾਅਦ ਕਈ ਸੀਨੀਅਰ ਆਰਐਸਐਸ ਨੇਤਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ। ਜਨਵਰੀ 2016 ਨੂੰ ਲੁਧਿਆਣਾ ਦੇ ਆਰਐਸਐਸ ਸਕੱਤਰ ਨਰੇਸ਼ ਕੁਮਾਰ ’ਤੇ ਹਮਲਾ ਕੀਤਾ ਗਿਆ, ਹਾਲਾਂਕਿ ਇਸ ਹਮਲੇ ’ਚ ਨਰੇਸ਼ ਕੁਮਾਰ ਦੀ ਜਾਨ ਬਚ ਗਈ। ਫਰਵਰੀ 2016 ਵਿੱਚ ਲੁਧਿਆਣਾ ਦੇ ਕਿਦਵਈ ਨਗਰ ਵਿੱਚ ਹਲਾਈ ਜਾ ਰਹੀ ਆਰਐਸਐਸ ਸ਼ਾਖਾ ’ਤੇ ਗੋਲੀਆਂ ਵਰ੍ਹਾਈਆਂ ਗਈਆਂ, ਪਰ ਇਸ ਦੌਰਾਨ ਕੋਈ ਵੀ ਆਰਐਸਐਸ ਕਾਰਕੁੰਨ ਜ਼ਖ਼ਮੀ ਨਹੀਂ ਹੋਇਆ।

6 ਅਗਸਤ 2016 ਨੂੰ ਰਾਸ਼ਟਰੀ ਸਵੈਸੇਵਕ ਸੰਘ ਦੇ ਉਪ ਪ੍ਰਧਾਨ, ਬ੍ਰਿਗੇਡੀਅਰ (ਸੇਵਾਮੁਕਤ) ਜਗਦੀਸ਼ ਗਗਨੇਜਾ ’ਤੇ ਹਮਲਾ ਹੋਇਆ। ਉਸ ਤੋਂ ਕੁਝ ਦਿਨ ਬਾਅਦ ਉਨ੍ਹਾਂ ਦੀ ਮੌਤ ਹੋ ਗਈ। 17 ਅਕਤੂਬਰ 2017 ਨੂੰ ਲੁਧਿਆਣਾ ਦੇ ਕੈਲਾਸ਼ ਨਗਰ ਵਿੱਚ ਇੱਕ ਹੋਰ ਸੀਨੀਅਰ ਆਰਐਸਐਸ ਨੇਤਾ ਰਵਿੰਦਰ ਗੋਸਾਈਂ ਨੂੰ ਗੋਲੀਆਂ ਦਾ ਸ਼ਿਕਾਰ ਬਣਾਇਆ ਗਿਆ। ਰਵਿੰਦਰ ਗੋਸਾਈਂ ਸਥਾਨਕ ਸ਼ਾਖਾ ਦੇ ਮੁੱਖੀ ਸਨ।

ਪਿਛਲੇ ਕੁਝ ਸਾਲਾਂ ਵਿੱਚ ਪੰਜਾਬ ਵਿੱਚ ਆਰਐਸਐਸ ਦੀਆਂ ਸ਼ਾਖਾਵਾਂ ਦਾ ਵਿਸਥਾਰ ਤੇਜੀ ਨਾਲ ਹੋਇਆ ਹੈ। ਸੂਤਰਾਂ ਮੁਤਾਬਕ ਆਰਐਸਐਸ ਪੰਜਾਬ ਦੇ ਸ਼ਹਿਰਾਂ ਸਮੇਤ ਸਰਹੱਦੀ ਇਲਾਕਿਆਂ ’ਚ ਵੀ ਸ਼ਾਖਾਵਾਂ ਬਣਾ ਰਿਹਾ ਹੈ। 2014 ਤੋਂ ਪਹਿਲਾਂ ਪੰਜਾਬ ਵਿੱਚ ਆਰਐਸਐਸ ਸ਼ਾਖਾਵਾਂ ਦੀ ਗਿਣਤੀ 600 ਸੀ, ਜੋ ਹੁਣ ਵਧ ਕੇ 900 ਦੇ ਨੇੜੇ-ਤੇੜੇ ਹੋ ਗਈ ਹੈ। ਖਾਲਿਸਤਾਨੀ ਖਾੜਕੂ ਸੰਗਠਨ ਨਾ ਸਿਰਫ਼ ਸਿੱਖ ਧਰਮ ਨੂੰ ਇੱਕ ਸੁਤੰਤਰ ਧਰਮ ਮੰਨਦੇ ਹਨ, ਸਗੋਂ ਪੰਜਾਬ ਨੂੰ ਖਾਲਿਸਤਾਨ ਨਾਂ ਦਾ ਅਲੱਗ ਦੇਸ਼ ਬਣਾਉਣ ਦਾ ਸੁਪਨਾ ਵੀ ਸਜਾ ਰਹੇ ਹਨ। ਪਾਕਿਸਤਾਨ, ਕੈਨੇਡਾ, ਅਮਰੀਕਾ ਅਤੇ ਬਰਤਾਨੀਆ ਸਮੇਤ ਕਈ ਦੇਸ਼ਾਂ ਵਿੱਚ ਸਰਗਰਮ ਖਾਲਿਸਤਾਨ ਸਮਰਥਕ ਪੰਜਾਬ ਨੂੰ ਖਾਲਿਸਤਾਨ ਬਣਾਉਣ ਲਈ ਸੋਸ਼ਲ ਮੀਡੀਆ ’ਤੇ ‘ਰੈਫਰੈਂਡਮ 2020’ ਨਾਂ ਨਾਲ ਇੱਕ ਮੁਹਿੰਮ ਵੀ ਚਲਾ ਰਹੇ ਹਨ।

ਹੋਰ ਖਬਰਾਂ »