ਪਰਿਵਾਰ ਨੇ ਚੌਕ 'ਚ ਲਾਸ਼ ਰੱਖ ਕੇ ਚਾਰ ਘੰਟੇ ਤੱਕ ਕੀਤਾ ਚੱਕਾ ਜਾਮ

ਦੀਨਾਨਗਰ, 20 ਅਕਤੂਬਰ (ਸਰਬਜੀਤ ਸਾਗਰ) ਦੀਨਾਨਗਰ ਸ਼ਹਿਰ 'ਚ ਗੁੰਡਾਗਰਦੀ ਦਾ ਨੰਗਾ ਨਾਚ ਕਰਦਿਆਂ ਕੁਝ ਬਦਮਾਸ਼ਾ ਨੇ ਇੱਕ ਨੌਜਵਾਨ ਨੂੰ ਸ਼ਰੇ•ਆਮ ਅਗਵਾ ਕਰ ਲਿਆ ਅਤੇ ਕੁੱਟਮਾਰ ਕਰਕੇ ਉਸਦੀ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਮਨੀਸ਼ ਕੁਮਾਰ ਉਰਫ਼ ਮਨੁ (21 ਸਾਲ) ਪੁੱਤਰ ਕੁਲਦੀਪ ਸਿੰਘ ਵਾਸੀ ਪੁਰਾਣੀ ਆਬਾਦੀ ਅਵਾਂਖਾ ਵਜੋਂ ਹੋਈ ਹੈ। ਉਹ 12ਵੀਂ ਪਾਸ ਸੀ ਅਤੇ ਅਣਵਿਆਹਿਆ ਸੀ।   ਪ੍ਰਾਪਤ ਜਾਣਕਾਰੀ ਅਨੁਸਾਰ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਵਾਲੀ ਰਾਤ ਮ੍ਰਿਤਕ ਆਪਣੇ ਕੁਝ ਦੋਸਤਾਂ ਨਾਲ ਸ਼ਹਿਰ ਦੇ ਇੱਕ ਰੈਸਟੋਰੈਂਟ 'ਚ ਗਿਆ। ਜਿੱਥੇ ਮੌਜੂਦ 5-6 ਨੌਜਵਾਨਾਂ ਨਾਲ ਕਿਸੇ ਗੱਲੋਂ ਤਕਰਾਰ ਹੋ ਗਈ ਅਤੇ ਉਹ ਨੌਜਵਾਨ ਮਨੀਸ਼ ਕੁਮਾਰ ਨੂੰ ਆਪਣੀ ਗੱਡੀ ਵਿੱਚ ਸੁੱਟ ਕੇ ਕਿਤੇ ਲੈ ਗਏ। ਜਿੱਥੇ ਕਥਿਤ ਤੌਰ 'ਤੇ ਭਾਰੀ ਕੁੱਟਮਾਰ ਕਰਕੇ ਉਹ ਉਸਨੂੰ ਦੇਰ ਰਾਤ ਥਾਣੇ ਨੇੜੇ ਸੁੱਟ ਗਏ। ਪੁਲੀਸ ਵੱਲੋਂ ਉਸਦੇ ਪਰਿਵਾਰ ਨੂੰ ਇਤਲਾਹ ਕਰਕੇ ਉਸਨੂੰ ਜ਼ਖ਼ਮੀ ਹਾਲਤ 'ਚ ਕਮਿਊਨਿਟੀ ਹੈਲਥ ਸੈਂਟਰ ਸਿੰਘੋਵਾਲ ਦਾਖ਼ਲ ਕਰਵਾਇਆ ਗਿਆ। ਜਿੱਥੇ ਹਾਜ਼ਰ ਡਾਕਟਰ ਨੇ ਕਥਿਤ ਤੌਰ 'ਤੇ ਲਾਪਰਵਾਹੀ ਦਿਖਾਉਂਦਿਆਂ ਰਾਤ ਨੂੰ ਹੀ ਛੁੱਟੀ ਦੇ ਦਿੱਤੀ। ਅਗਲੇ ਦੀਵਾਲੀ ਵਾਲੇ ਦਿਨ ਮਨੀਸ਼ ਕੁਮਾਰ ਦਾ ਪਰਿਵਾਰ ਅਗਵਾਕਾਰਾਂ ਖ਼ਿਲਾਫ਼ ਕਾਰਵਾਈ ਨੂੰ ਲੈ ਕੇ ਸਾਰਾ ਦਿਨ ਥਾਣੇ ਦੇ ਚੱਕਰ ਕੱਟਦਾ ਰਿਹਾ ਪਰ ਪੁਲੀਸ ਨੇ ਮਾਮਲਾ ਠੰਡੇ ਬਸਤੇ 'ਚ ਪਾਣ ਦੀ ਕੋਸ਼ਿਸ਼ ਕੀਤੀ। ਕੁੱਟਮਾਰ ਦੌਰਾਨ ਸਿਰ ਵਿੱਚ ਗੰਭੀਰ ਸੱਟ ਲੱਗੀ ਹੋਣ ਕਾਰਨ ਦੀਵਾਲੀ ਵਾਲੀ ਰਾਤ ਮਨੀਸ਼ ਕੁਮਾਰ ਦੀ ਮੌਤ ਹੋ ਗਈ। ਜਿਸਦੇ ਰੋਸ ਵਜੋਂ ਅੱਜ ਸ਼ੁੱਕਰਵਾਰ ਸਵੇਰੇ ਉਸਦੇ ਪਰਿਵਾਰ ਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਥਾਣੇ ਮੂਹਰੇ ਲਾਸ਼ ਰੱਖ ਕੇ ਧਰਨਾ ਲਗਾ ਦਿੱਤਾ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਨ ਲੱਗੇ।
               ਇਸ ਦੌਰਾਨ ਧਰਨਾਕਾਰੀਆਂ ਨੇ ਥਾਣਾ ਚੌਕ ਦੇ ਦੋਨੋਂ ਪਾਸੇ ਟਰੈਕਟਰ-ਟਰਾਲੀਆਂ ਤੇ ਮੋਟਰਸਾਈਕਲ ਖੜ•ੇ ਕਰਕੇ ਰਸਤਾ ਬੰਦ ਕਰ ਦਿੱਤਾ ਅਤੇ ਦੀਨਾਨਗਰ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕਰਨ ਲੱਗੇ। ਇਸਦੇ ਬਾਵਜੂਦ ਵੀ ਪੁਲੀਸ ਦੀ ਢਿੱਲੀ ਕਾਰਵਾਈ ਜਾਰੀ ਰਹੀ। ਜਿਸਦੇ ਰੋਸ ਵਜੋਂ ਨੌਜਵਾਨਾਂ ਨੇ ਥਾਣੇ ਦੇ ਗੇਟ ਮੂਹਰੇ ਟਾਇਰ ਫੂਕ ਕੇ ਪ੍ਰਦਰਸ਼ਨ ਕੀਤਾ ਅਤੇ ਚਿਤਾਵਨੀ ਦਿੱਤੀ ਕਿ ਜਿੰਨੀ ਦੇਰ ਤੱਕ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਨਹੀਂ ਹੋਵੇਗੀ ਧਰਨਾ ਜਾਰੀ ਰਹੇਗਾ। ਮੀਡੀਆ ਨਾਲ ਗੱਲਬਾਤ ਕਰਦਿਆਂ ਸੀਪੀਆਈ ਨੇਤਾ ਕਾਮਰੇਡ ਸੁਖਦੇਵ ਸਿੰਘ ਕਾਹਲੋਂ, ਭਾਜਪਾ ਦੇ ਜ਼ਿਲ•ਾ ਜਨਰਲ ਸਕੱਤਰ ਭੁਪੇਸ਼ ਅੱਤਰੀ, ਸਾਬਕਾ ਸਰਪੰਚ ਸ਼ਾਮ ਲਾਲ ਅਤੇ ਸੀਪੀਆਈ(ਐਮ) ਆਗੂ ਕਾਮਰੇਡ ਫ਼ਤਿਹ ਚੰਦ ਨੇ ਕਿਹਾ ਕਿ ਇਹ ਸਿੱਧੇ ਰੂਪ ਵਿੱਚ ਕਤਲ ਦਾ ਮਾਮਲਾ ਹੈ ਅਤੇ ਪੁਲੀਸ ਦੀ ਸੁਸਤ ਕਾਰਵਾਈ ਦੋਸ਼ੀਆਂ ਦੇ ਹੌਸਲੇ ਬੁਲੰਦ ਕਰ ਰਹੀ ਹੈ। ਸਥਿਤੀ ਉਸ ਵੇਲੇ ਟਕਰਾਅ ਵਾਲੀ ਬਣ ਗਈ ਜਦੋਂ ਰੋਹ 'ਚ ਆਏ ਨੌਜਵਾਨ ਥਾਣੇ ਦਾ ਗੇਟ ਤੋੜ ਕੇ ਅੰਦਰ ਦਾਖ਼ਲ ਹੋ ਗਏ ਪਰ ਏਐਸਆਈ ਵਰੁਣ ਸ਼ਰਮਾ ਸਥਿਤੀ 'ਤੇ ਕਾਬੂ ਪਾਣ 'ਚ ਸਫ਼ਲ ਰਹੇ।
             ਅਖ਼ੀਰ ਚਾਰ ਘੰਟੇ ਦੀ ਜੱਦੋਜਹਿਦ ਤੋਂ ਬਾਅਦ ਪੁਲੀਸ ਵੱਲੋਂ ਅਗਵਾ ਤੇ ਕਤਲ ਦੇ ਦੋਸ਼ ਹੇਠ ਚਾਰ ਲੋਕਾਂ ਖ਼ਿਲਾਫ਼ ਧਾਰਾ 302, 364, 34 ਆਈਪੀਸੀ ਅਧੀਨ ਪਰਚਾ ਦਰਜ ਕੀਤਾ ਗਿਆ। ਜਿਸ ਵਿੱਚ ਕੁਲਦੀਪ ਸਿੰਘ ਉਰਫ਼ ਗਾਂਧੀ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਭਟੋਆ, ਬਿੱਕਾ ਵਾਸੀ ਨਜ਼ਦੀਪ ਤਹਿਸੀਲ ਦਫ਼ਤਰ ਦੀਨਾਨਗਰ, ਦਵਿੰਦਰ ਉਰਫ਼ ਛੋਟੂ ਪੁੱਤਰ ਜਸਬੀਰ ਸਿੰਘ ਵਾਸੀ ਹਰੀਜਨ ਕਾਲੌਨੀ ਦੀਨਾਨਗਰ ਅਤੇ ਦਵਿੰਦਰ ਉਰਫ਼ ਛੋਟੂ ਦੇ ਭਰਾ ਨੂੰ ਨਾਮਜ਼ਦ ਕੀਤਾ ਗਿਆ ਹੈ।
           ਪਰਚਾ ਦਰਜ ਹੋਣ ਤੋਂ ਬਾਅਦ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੁਰਦਾਸਪੁਰ ਭੇਜਿਆ ਗਿਆ। ਇਸ ਦੌਰਾਨ ਏਐਸਪੀ ਵਰੁਣ ਸ਼ਰਮਾ (ਆਈਪੀਐਸ) ਦੀ ਅਪੀਲ 'ਤੇ ਧਰਨਾਕਾਰੀਆਂ ਵੱਲੋਂ ਚਾਰ ਘੰਟੇ ਬਾਅਦ ਜਾਮ ਖੋਲਿ•ਆ ਗਿਆ।  
ਸ਼ੱਕੀ ਭੂਮਿਕਾ ਦੇ ਬਾਵਜੂਦ ਏਐਸਆਈ ਅਤੇ ਡਾਕਟਰ ਖ਼ਿਲਾਫ਼ ਕਾਰਵਾਈ ਤੋਂ ਪੁਲੀਸ ਨੇ ਹੱਥ ਖਿੱਚੇ
ਮ੍ਰਿਤਕ ਨੌਜਵਾਨ ਦੇ ਇਲਾਜ 'ਚ ਕਥਿਤ ਲਾਪਰਵਾਹੀ ਵਰਤਣ ਵਾਲੇ ਸੀਐਚਸੀ ਦੇ ਇੱਕ ਡਾਕਟਰ ਅਤੇ ਏਐਸਆਈ ਬਲਬੀਰ ਸਿੰਘ ਦੀ ਭੂਮਿਕਾ ਇਸ ਕੇਸ ਵਿੱਚ ਸ਼ੱਕੀ ਹੋਣ ਦੇ ਬਾਵਜੂਦ ਪੁਲੀਸ ਨੇ ਉਨ•ਾਂ ਖ਼ਿਲਾਫ਼ ਕਾਰਵਾਈ ਕਰਨ ਤੋਂ ਪਾਸਾ ਵੱਟਿਆ ਹੈ। ਜਦਕਿ ਧਰਨੇ ਦੌਰਾਨ ਸਭ ਤੋਂ ਜ਼ਿਆਦਾ ਨਾਅਰੇਬਾਜ਼ੀ ਇਨ•ਾਂ ਦੋਨਾਂ ਖ਼ਿਲਾਫ਼ ਹੀ ਹੋਈ। ਇਸ ਮੌਕੇ ਕਾਮਰੇਡ ਸੁਖਦੇਵ ਸਿੰਘ ਕਾਹਲੋਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੋਸ਼ ਲਗਾਇਆ ਕਿ ਏਐਸਆਈ ਬਲਬੀਰ ਸਿੰਘ ਦੀਵਾਲੀ ਵਾਲੇ ਦਿਨ ਮ੍ਰਿਤਕ ਨੌਜਵਾਨ ਦੇ ਪਰਿਵਾਰ ਕੋਲੋਂ ਅਗਵਾਕਾਰਾਂ ਖ਼ਿਲਾਫ਼ ਕਾਰਵਾਈ ਕਰਨ ਬਦਲੇ 1500 ਰੁਪਏ ਦੀਵਾਲੀ ਦੀ ਵਧਾਈ ਲੈ ਗਿਆ ਪਰ ਕਾਰਵਾਈ ਫਿਰ ਵੀ ਕੋਈ ਨਾ ਕੀਤੀ। ਜਦਕਿ ਡਾਕਟਰ ਨੇ ਸਿਰ ਵਿੱਚ ਗੰਭੀਰ ਸੱਟ ਲੱਗੀ ਹੋਣ ਦੇ ਬਾਵਜੂਦ ਲਾਪਰਵਾਹੀ ਵਰਤੀ ਅਤੇ ਰਾਤ ਨੂੰ ਹੀ ਜ਼ਖ਼ਮੀ ਨੌਜਵਾਨ ਨੂੰ ਘਰ ਤੋਰ ਦਿੱਤਾ। ਧਰਨਾਕਾਰੀ ਏਐਸਆਈ ਨੂੰ ਸਸਪੈਂਡ ਕਰਨ ਅਤੇ ਡਾਕਟਰ ਖ਼ਿਲਾਫ਼ ਸਖ਼ਤ ਕਾਰਵਾਈ ਮੰਗ ਰਹੇ ਸਨ ਪਰ ਪੁਲੀਸ ਨੇ ਸਿਰਫ਼ ਚਾਰ ਨੌਜਵਾਨਾਂ ਖ਼ਿਲਾਫ਼ ਹੀ ਮਾਮਲਾ ਦਰਜ ਕੀਤਾ।  

ਹੋਰ ਖਬਰਾਂ »

ਪੰਜਾਬ