ਫਾਈਨਲ ’ਚ ਮਲੇਸ਼ੀਆ ਨੂੰ 2-1 ਨਾਲ ਹਰਾਇਆ

ਢਾਕਾ, 22 ਅਕਤੂਬਰ (ਹਮਦਰਦ ਬਿਊਰੋ) : ਏਸ਼ੀਆ ਕੱਪ ਹਾਕੀ 2017 ਦੇ ਫਾਈਨਲ ਵਿੱਚ ਭਾਰਤ ਨੇ ਐਤਵਾਰ ਨੂੰ ਮਲੇਸ਼ੀਆ ਨੂੰ 2-1 ਨਾਲ ਹਰਾ ਦਿੱਤਾ। ਇਸ ਤਰ੍ਹਾਂ ਭਾਰਤ ਨੇ 10 ਸਾਲ ਬਾਅਦ ਪੁਰਸ਼ ਹਾਕੀ ਦਾ ਏਸ਼ੀਆ ਕੱਪ ਜਿੱਤ ਲਿਆ। ਕੁੱਲ ਮਿਲਾ ਕੇ ਭਾਰਤ ਨੇ ਤੀਜੀ ਵਾਰ ਇਹ ਟਰਾਫੀ ਜਿੱਤੀ ਹੈ। ਮੈਚ ਦਾ ਪਹਿਲਾ ਹਾਫ ਖਤਮ ਹੋਣ ’ਤੇ ਭਾਰਤ ਨੇ 2-1 ਦੀ ਬੜਤ ਬਣਾ ਲਈ ਸੀ। ਸ਼ੁਰੂ ਤੋਂ ਹੀ ਭਾਰਤ ਨੇ ਹਮਲਾਵਰ ਰਣਨੀਤੀ ਅਪਣਾਈ।

ਰਮਨਦੀਪ ਸਿੰਘ ਨੇ ਮਲੇਸ਼ੀਆ ਦੇ ਡਿਫੈਂਸ ਨੂੰ ਚਕਮਾ ਦਿੰਦੇ ਹੋਏ ਗੋਲ ਪੋਸਟ ਵਿੱਚ ਗੇਂਦ ਪਾ ਦਿੱਤੀ। ਇਸ ਤੋਂ ਬਾਅਦ ਲਲਿਤ ਉਪਾਧਿਆਏ ਨੇ ਭਾਰਤ ਦੀ ਲੀਡ ਨੂੰ ਅੱਗੇ ਵਧਾਇਆ। ਲਲਿਤ ਨੇ ਪਾਕਿਸਤਾਨ ਵਿਰੁੱਧ ਸੈਮੀਫਾਈਨਲ ਵਿੱਚ ਵੀ ਗੋਲ ਕੀਤਾ ਸੀ। ਭਾਰਤ ਨੇ ਸੈਮੀਫਾਈਨਲ ਵਿੱਚ ਪਾਕਿਸਤਾਨ ਨੂੰ ਹਰਾਇਆ ਸੀ। ਗਰੁੱਪ 4 ਸਟੇਜ ’ਚ ਭਾਰਤ ਨੇ ਮਲੇਸ਼ੀਆ ਨੂੰ 6-2 ਨਾਲ ਹਰਾਇਆ ਸੀ।

ਖੇਡ ਦਾ ਚੌਥਾ ਕੁਆਰਟਰ ਸ਼ੁਰੂ ਹੁੰਦੇ ਹੀ ਮਲੇਸ਼ੀਆ ਦੇ ਖਿਡਾਰੀਆਂ ਨੇ ਭਾਰਤੀ ਟੀਮ ’ਤੇ ਹਮਲੇ ਤੇਜ਼ ਕਰ ਦਿੱਤੇ। ਪਰ ਭਾਰਤੀ ਟੀਮ ਦੇ ਡਿਫੈਂਸ ਵਿੰਗ ਨੇ ਉਨ੍ਹਾਂ ਹਮਲਿਆਂ ਨੂੰ ਅਸਫਲ ਕਰ ਦਿੱਤਾ। ਇਸ ਦੌਰਾਨ ਮਲੇਸ਼ੀਆ ਨੂੰ ਇੱਕ ਪੈਨਲਟੀ ਕਾਰਨਰ ਵੀ ਮਿਲਿਆ, ਪਰ ਉਹ ਇਸ ਨੂੰ ਗੋਲ ਵਿੱਚ ਤਬਦੀਲ ਨਹੀਂ ਕਰ ਸਕੀ।  ਹਾਲਾਂਕਿ ਇਸੇ ਕੁਆਰਟਰ ਵਿੱਚ ਮਲੇਸ਼ੀਆ ਨੇ ਇੱਕ ਗੋਲ ਕੀਤਾ। ਆਖਰੀ ਸਮੇਂ ਵਿੱਚ ਮਲੇਸ਼ੀਆ ਦੀ ਖੇਡ ਦੇਖ ਕੇ ਲੱਗਾ ਕਿ ਉਹ ਬਰਾਬਰੀ ਕਰ ਸਕਦੇ ਹਨ। ਪਰ ਭਰਤ ਦੇ ਡਿਫੈਂਸ ਨੇ ਅਜਿਹਾ ਹੋਣ ਨਹੀਂ ਦਿੱਤਾ। ਭਾਰਤ ਨੇ ਇਸ ਤੋਂ ਪਹਿਲਾਂ 2007 ਵਿੱਚ ਚੇਨਈ ਵਿੱਚ ਏਸ਼ੀਆ ਕੱਪ ਜਿੱਤਿਆ ਸੀ। ਮੈਚ ਦੇ ਤੀਜੇ ਮਿੰਟ ਵਿੱਚ ਭਾਰਤ ਵੱਲੋਂ ਪਹਿਲਾ ਗੋਲ ਰਮਨਦੀਪ ਸਿੰਘ ਨੇ ਕੀਤਾ। ਇਸ ਤੋਂ ਬਾਅਦ 29ਵੇਂ ਮਿੰਟ ਵਿੱਚ ਲਲਿਤ ਉਪਾਧਿਆਏ ਨੇ ਭਾਰਤ ਦੀ ਬੜਤ 2-0 ਕਰ ਦਿੱਤੀ। ਮਲੇਸ਼ੀਆ ਗਰੁੱਪ 4 ਸਟੇਜ ਵਿੱਚ ਭਾਰਤ ਤੋਂ 6-2 ਦੇ ਵੱਡੇ ਫਰਕ ਨਾਲ ਹਾਰਿਆ ਸੀ। ਫਾਈਨਲ ਵਿੱਚ ਉਸ ਨੇ ਵਧੀਆ ਖੇਡ ਦਿਖਾਈ। ਭਾਰਤ ਦੇ ਬੜਤ ਲੈਣ ਬਾਅਦ ਮਲੇਸ਼ੀਆ ਦੇ ਸ਼ਾਰਿਲ ਸਬਾਹ ਨੇ 50ਵੇਂ ਮਿੰਟ ਵਿੱਚ ਭਾਰਤ ਦੀ ਲੀਡ ਨੂੰ 2-1 ਕਰ ਦਿੱਤਾ।  

ਹੋਰ ਖਬਰਾਂ »