ਚੰਡੀਗੜ੍ਹ : 22 ਅਕਤੂਬਰ : (ਪੱਤਰ ਪ੍ਰੇਰਕ) : ਪੰਜਾਬ ਭਾਜਪਾ ਨੇ ਗੁਰਦਾਸਪੁਰ ਲੋਕ ਸਭਾ ਉਪ ਚੋਣਾਂ 'ਚ ਵੱਡੀ ਹਾਰ ਦਾ ਸਾਰਾ ਠੀਕਰਾ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ 'ਤੇ ਭੰਨਿਆ। ਬੀਤੇ ਦਿਨੀਂ ਪਾਰਟੀ ਪ੍ਰਧਾਨ ਵਿਜੇ ਸਾਂਪਲਾ ਦੀ ਪ੍ਰਧਾਨਗੀ 'ਚ ਹੋਈ ਸਮੀਖਿਆ ਬੈਠਕ ਤੋਂ ਬਾਅਦ ਉਨ੍ਹਾਂ ਕਿਹਾ ਕਿ ਇਹ ਚੋਣ ਡੰਡੇ ਦੇ ਜ਼ੋਰ ਅਤੇ ਗੰਦੀ ਰਾਜਨੀਤੀ ਨਾਲ ਜਿੱਤੀ ਗਈ। ਹਾਲਾਂਕਿ ਸਾਂਪਲਾ ਨੇ ਅਧਿਕਾਰਤ ਤੌਰ 'ਤੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਹਾਰ ਦਾ ਕਾਰਨ ਸ਼੍ਰੋਮਣੀ ਅਕਾਲੀ ਦਲ ਰਿਹਾ, ਪਰ ਇਹ ਸਵੀਕਾਰ ਕੀਤਾ ਕਿ ਸੁੱਚਾ ਸਿੰਘ ਲੰਗਾਹ ਦਾ ਮੁੱਦਾ ਵੀ ਹਾਰ ਦਾ ਕਾਰਨ ਬਣਿਆ। ਗੌਰਤਲਬ ਹੈ ਕਿ ਭਾਜਪਾ ਸਾਂਸਦ ਵਿਨੋਦ ਖੰਨਾ ਦੇ ਦੇਹਾਂਤ ਤੋਂ ਬਾਅਦ ਇਸ ਸੀਟ 'ਤੇ ਉਪ ਚੋਣ 'ਚ ਕਾਂਗਰਸ ਦੇ ਸੁਨੀਲ ਜਾਖੜ ਨੇ ਭਾਜਪਾ ਦੇ ਸਵਰਨ ਸਲਾਰੀਆ ਨੂੰ 1.93 ਲੱਖ ਵੋਟਾਂ ਦੇ ਵੱਡੇ ਰਿਕਾਰਡ ਨਾਲ ਹਰਾਇਆ ਸੀ। ਇੱਕ ਸਵਾਲ ਦੇ ਜਵਾਬ 'ਚ ਸਾਂਪਲਾ ਨੇ ਕਿਹਾ ਕਿ ਵਿਧਾਨ ਸਭਾ ਚੋਣ ਦੀ ਹਾਰ ਨੂੰ ਉਹ ਸਵੀਕਾਰ ਕਰਦੇ ਹਨ, ਪਰ ਗੁਰਦਾਸਪੁਰ ਉਪ ਚੋਣ 'ਚ ਕਾਂਗਰਸ ਨੇ ਗੰਦੀ ਰਾਜਨੀਤੀ ਦੀਆਂ ਸਾਰੀਆਂ ਹੱਦਾਂ ਪਾਰ ਕੀਤੀਆਂ। ਹਾਰ ਦਾ ਮੁੱਖ ਕਾਰਨ ਕਾਂਗਰਸੀਆਂ ਦਾ ਪੰਚਾਂ, ਸਰਪੰਚਾਂ, ਨਗਰ ਨਿਗਮਾਂ ਅਤੇ ਕੌਂਸਲਾਂ ਦੇ ਪ੍ਰਧਾਨਾਂ ਤੇ ਪ੍ਰੀਸ਼ਦਾਂ ਨੂੰ ਧਮਕੀ ਦੇਣਾ ਰਿਹਾ। ਭਾਜਪਾ ਨੇ ਇਨ੍ਹਾਂ ਉਪ ਚੋਣਾਂ ਸਬੰਧੀ ਚੋਣ ਕਮਿਸ਼ਨ ਕੋਲ 64 ਸ਼ਿਕਾਇਤਾਂ ਦਰਜ ਕਰਵਾਈਆਂ ਹਨ। 
ਸ੍ਰੀ ਸਾਂਪਲਾ ਨੇ ਕਿਹਾ ਕਿ ਜਿਵੇਂ ਸਾਰੀਆਂ ਰਾਜਨੀਤੀ ਪਾਰਟੀਆਂ ਦੇ ਵੱਖ‑ਵੱਖ ਵਿੰਗ ਹੁੰਦੇ ਹਨ, ਉਵੇਂ ਹੀ ਇਸ ਚੋਣ 'ਚ ਪੁਲਿਸ ਨੇ ਕਾਂਗਰਸ ਦੇ ਇੱਕ ਵਿੰਗ ਵਜੋਂ ਕੰਮ ਕੀਤਾ। ਪੁਲਿਸ ਨੇ ਭਾਜਪਾ ਕਾਰਕੁਨਾਂ ਨੂੰ ਧਮਕੀਆਂ ਦਿੱਤੀਆਂ ਅਤੇ ਉਨ੍ਹਾਂ ਨੂੰ ਡਰਾਇਆ। ਇਸ ਦੇ ਚੱਲਦਿਆਂ ਹੀ ਭਾਜਪਾ ਚੋਣ ਹਾਰੀ। ਉਨ੍ਹਾਂ ਕਿਹਾ ਕਿ ਸਾਰੇ ਸਰਕਾਰੀ ਵਿਭਾਗਾਂ ਦੇ ਅਫ਼ਸਰਾਂ ਨੇ ਆਪਣੇ‑ਆਪਣੇ ਅਧੀਨ ਅਉਂਦੇ ਜਨਤਕ ਖੇਤਰਾਂ ਦੇ ਅਧਿਕਾਰੀਆਂ ਨੂੰ ਡਰਾਇਆ‑ਧਮਕਾਇਆ ਅਤੇ ਚੋਣ 'ਚ ਕਾਂਗਰਸ ਦਾ ਸਾਥ ਦੇਣ ਨੂੰ ਕਿਹਾ। ਉਨ੍ਹਾਂ ਕਿਹਾ ਕਿ ਇੰਨਾ ਹੀ ਨਹੀਂ ਚੋਣ 'ਚ ਕਾਂਗਰਸੀ ਉਮੀਦਾਰ ਸੁਨੀਲ ਜਾਖੜ ਖਿਲਾਫ਼ ਪ੍ਰਚਾਰ ਕਰਨ ਵਾਲੇ ਅਬੋਹਰ ਨਗਰ ਕਮੇਟੀ ਦੇ ਪ੍ਰਧਾਨ ਪਰਮਿਲ ਕਲਿਆਣੀ ਨੂੰ ਲੋਕਲ ਬਾਡੀ ਸਕੱਤਰ ਨੇ ਆਪਣੇ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਕਹਿਣ 'ਤੇ 17 ਅਕਤੂਬਰ ਨੂੰ ਹਟਾਇਆ।
ਸਾਂਪਲਾ ਸਮੀਖਿਆ ਬੈਠਕ ਤੋਂ ਬਾਅਦ ਦਿੱਲੀ ਰਵਾਨਾ ਹੋ ਗਏ। ਉਨ੍ਹਾਂ ਕਿਹਾ ਕਿ ਉਹ ਹਾਈ ਕਮਾਨ ਨੂੰ ਉਪ ਚੋਣ ਦੇ ਨਤੀਜੇ ਨੂੰ ਲੈ ਕੇ ਪ੍ਰਦੇਸ਼ ਵੱਲੋਂ ਤਿਆਰ ਕੀਤੀ ਰਿਪੋਰਟ ਸੌਂਪਣਗੇ। ਬੈਠਕ 'ਚ ਸਾਬਕਾ ਪ੍ਰਦੇਸ਼ ਪ੍ਰਧਾਨ ਮੋਹਨ ਮਿੱਤਲ, ਮਨੋਰੰਜਨ ਕਾਲੀਆ, ਅਸ਼ਵਨੀ ਸ਼ਰਮਾ, ਸਾਬਕਾ ਮੰਤਰੀ ਅਨਿਲ ਜੋਸ਼ੀ, ਡਾ. ਬਲਦੇਵ ਚਾਵਲਾ, ਪ੍ਰਦੇਸ਼ ਮਹਾਂ ਮੰਤਰੀ ਜੀਵਨ ਗੁਪਤਾ, ਕੇਵਲ ਕੁਮਾਰ, ਪ੍ਰਦੇਸ਼ ਉਪ ਪ੍ਰਧਾਨ ਰਾਕੇਸ਼ ਰਾਠੌੜ, ਅਨਿਲ ਸਰੀਨ, ਹਰਜੀਤ ਸਿੰਘ ਗਰੇਵਾਲ, ਸਕੱਤਰ ਵਿਨੀਤ ਜੋਸ਼ੀ, ਅਨਿਲ ਸੱਚਰ, ਵਿਜੇ ਪੁਰੀ, ਰੇਣੂ ਥਾਪਰ, ਖ਼ਜ਼ਾਨਚੀ ਗੁਰਦੇਵ ਦੇਬੀ ਨੇ ਵੀ  ਹਾਰ ਦੇ ਕਾਰਨਾਂ 'ਤੇ ਮੰਥਨ ਕੀਤਾ।

ਹੋਰ ਖਬਰਾਂ »

ਚੰਡੀਗੜ