ਨਵੀਂ ਦਿੱਲੀ : 22 ਅਕਤੂਬਰ : (ਪੱਤਰ ਪ੍ਰੇਰਕ) : ਅਮਰੀਕਾ ਨਾਲ ਵਧਦੇ ਤਣਾਅ ਦੇ ਚੱਲਦਿਆਂ ਜੇਕਰ ਉਤਰ ਕੋਰੀਆ ਨੇ ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਅਤੇ ਜਾਪਾਨ 'ਤੇ ਹਮਲਾ ਕੀਤਾ ਤਾਂ ਇਸ ਨਾਲ ਕਰੀਬ 20 ਲੱਖ ਲੋਕਾਂ ਦੀ ਜਾਨ ਜਾ ਸਕਦੀ ਹੈ। ਇਨ੍ਹਾਂ ਹੀ ਨਹੀਂ ਇਸ ਹਮਲੇ ਨਾਲ ਹਜ਼ਾਰ ਜਾਂ ਲੱਖ ਨਹੀਂ, ਸਗੋਂ 70 ਲੱਖ ਲੋਕ ਜ਼ਖ਼ਮੀ ਹੋਣਗੇ। ਇਸ ਦਾ ਸ਼ੱਕ ਉਤਰ ਕੋਰੀਆ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖਣ ਵਾਲੀ ਇੱਕ ਵੈਬਸਾਇਟ ਨੇ ਆਪਣੀ ਤਾਜ਼ਾ ਰਿਪੋਰਟ 'ਚ ਜਤਾਇਆ ਹੈ। ਇਸ ਰਿਪੋਰਟ ਦੀ ਜਾਣਕਾਰੀ ਯੋਨਹਾਪ ਏਜੰਸੀ ਨੇ ਦਿੱਤੀ ਹੈ। ਇਸ ਰਿਪੋਰਟ 'ਚ ਉਤਰ ਕੋਰੀਆ ਦੀ ਮੌਜੂਦਾ ਤਾਕਤ ਨੂੰ ਦੇਖਦਿਆਂ ਇਸ ਤਰ੍ਹਾਂ ਦਾ ਸ਼ੱਕ ਜਤਾਇਆ ਗਿਆ ਹੈ। ਇਹ ਰਿਪੋਰਟ ਉਸ ਸਮੇਂ ਸਾਹਮਣੇ ਆਈ ਹੈ, ਜਦੋਂ ਪਿਛਲੇ ਦੋ ਮਹੀਨਿਆਂ 'ਚ ਉਤਰ ਕੋਰੀਆ ਨੇ ਸਭ ਤੋਂ ਸ਼ਕਤੀਸ਼ਾਲੀ ਪ੍ਰਮਾਣੂ ਪ੍ਰੀਖ਼ਣ ਕੀਤਾ ਸੀ ਅਤੇ ਜਾਪਾਨ ਉਪਰੋਂ ਦੋ ਮਿਸਾਇਲਾਂ ਦਾਗੀਆਂ ਸਨ। ਇਸ ਤੋਂ ਬਾਅਦ ਪੂਰੀ ਦੁਨੀਆਂ ਨੇ ਉਤਰ ਕੋਰੀਆ ਦੇ ਇਸ ਕਾਰੇ ਦੀ ਸਖ਼ਤ ਅਲੋਚਨਾ ਕੀਤੀ ਸੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤਾਂ ਕਿਮ ਨੂੰ ਸਿੱਧੇ ਤੌਰ 'ਤੇ ਚੇਤਾਵਨੀ ਦਿੰਦਿਆਂ ਕਿਹਾ ਸੀ ਕਿ ਦੁਨੀਆਂ ਦੇ ਨਕਸ਼ੇ ਤੋਂਉਤਰ ਕੋਰੀਆ ਨੂੰ ਮਿਟਾ ਦੇਵਾਂਗੇ। 
ਇਸ ਰਿਪੋਰਟ ਨੂੰ ਤਿਆਰ ਕਰਨ ਵਾਲੇ ਮਿਸ਼ੇਲ ਜੇ ਜਾਗੁਰੇਕ ਜੂਨੀਅਰ ਨੇ ਰਿਪੋਰਟ ਨੂੰ ਬਣਾਉਣ ਸਮੇਂ ਇਸ ਗੱਲ ਨੂੰ ਧਿਆਨ 'ਚ ਰੱਖਿਆ ਕਿ ਇਹ ਤਬਾਹੀ ਉਸ ਵੇਲੇ ਹੋਵੇਗੀ, ਜੇਕਰ ਉਤਰ ਕੋਰੀਆ ਆਪਣੀਆਂ ਸਾਰੀਆਂ 25 ਮਿਸਾਇਲਾਂ ਨੂੰ ਸਿਓਲ ਅਤੇ ਟੋਕੀਓ 'ਤੇ ਦਾਗ ਦਿੰਦਾ ਹੈ। ਉਨ੍ਹਾਂ ਦੀ ਇਸ ਰਿਪੋਰਟ ਮੁਤਾਬਕ ਮਿਸਾਇਲਾਂ ਦੀ ਕਰੀਬ  15 ਤੋਂ 250 ਕਿਲੋਟਨ ਤੱਕ ਬਾਰਹੈਡ ਲੈ ਜਾਣ ਦੀ ਸਮਰੱਥਾ ਹੈ। ਇੱਥੇ ਇਹ ਵੀ ਦੱਸਣਾ ਜ਼ਰੂਰੀ ਹੋਵੇਗਾ ਕਿ ਸਿਓਲ ਦੀ ਮੌਜੂਦਾ ਸਮੇਂ 'ਚ ਅਬਾਦੀ ਕਰੀਬ 24.1 ਮਿਲੀਅਨ ਅਤੇ ਟੋਕੀਓ ਦੀ ਅਬਾਦੀ ਕਰੀਬ 37.9 ਮਿਲੀਅਨ ਹੈ। ਇਸ ਰਿਪੋਰਟ 'ਚ ਜੂਨੀਅਰ ਨੇ ਇਸ ਹਮਲੇ ਨਾਲ ਹੋਣ ਵਾਲੇ ਨੁਕਸਾਨ ਨੂੰ ਵੀਹ, ਪੰਜਾਹ ਅਤੇ ਅੱਸੀ ਫੀਸਦ 'ਚ ਵੰਡਿਆ ਹੈ। ਦੱਖਣੀ ਕੋਰੀਆ ਨੇ ਉਤਰ ਕੋਰੀਆ ਤੋਂ ਵਧਦੇ ਖ਼ਤਰੇ ਨੂੰ ਭਾਂਪਦਿਆਂ ਹੋਇਆਂ ਆਪਣੇ ਇੱਥੇ ਟਰਮੀਨਲ ਹਾਈ ਐਲਟੀਟਿਊਟਰ ਏਅਰ ਡਿਫੈਂਸ (ਥਾਡ) ਸਿਸਟਮ ਲਗਾਇਆ ਹੈ। ਇਸ ਤੋਂਇਲਾਵਾ ਜਾਪਾਨ ਨੇ ਵੀ ਆਪਣੇ ਇੱਥੇ ਮਿਸਾਇਲ ਪ੍ਰਣਾਲੀ ਲਗਾਈ ਹੈ।

ਹੋਰ ਖਬਰਾਂ »