ਪੰਚਕੂਲਾ, 23 ਅਕਤੂਬਰ (ਹ.ਬ.) : 25 ਅਗਸਤ ਨੂੰ ਪੰਚਕੂਲਾ ਵਿਚ ਹੋਈ ਹਿੰਸਾ ਦੀ ਅੱਧੀ ਕਹਾਣੀ ਪੁਲਿਸ ਦੀ ਸਮਝ ਵਿਚ ਆ ਗਈ ਹੈ। ਸੂਤਰਾਂ ਦੀ ਮੰਨੀਏ ਤਾਂ ਰਿਮਾਂਡ ਦੌਰਾਨ ਐਮਐਸਜੀ ਦੇ ਸੀਈਓ ਸੀਪੀ ਅਰੋੜਾ ਕੋਲੋਂ ਪੁਲਿਸ ਨੂੰ ਕੁਝ ਅਣਸੁਲਝੇ ਸਵਾਲਾਂ ਦੇ ਜਵਾਬ ਮਿਲੇ ਹਨ।
ਇਹ 25 ਅਤੇ 45 ਦੀ ਕੜੀ ਹੈ। ਇਸ ਕੜੀ ਦਾ ਪੰਚਕੂਲਾ ਵਿਚ ਹਿੰਸਾ ਅਤੇ ਅੱਗਜਨੀ ਵਿਚ ਸਭ ਤੋਂ ਅਹਿਮ ਰੋਲ ਹੈ। ਦੱਸਿਆ ਜਾ ਰਿਹਾ ਹੈ ਕਿ ਡੇਰੇ ਦੀ ਪੁਰਾਣੀ ਰਵਾਇਤ ਰਹੀ ਹੈ ਕਿ ਕੋਈ ਵੀ ਅਹਿਮ ਫ਼ੈਸਲਾ ਲੈਣਾ ਹੁੰਦਾ ਸੀ ਤਾਂ 25 ਮੈਂਬਰੀ ਕਮੇਟੀ ਮੀਟਿੰਗ ਦੌਰਾਨ ਫੈਸਲਾ ਲੈਂਦੀ ਸੀ ਅਤੇ ਫ਼ੈਸਲੇ ਨੂੰ ਡੇਰਾ ਸਮਰਥਕਾਂ ਤੱਕ ਪਹੁੰਚਾਉਣ ਦੀ ਜ਼ਿੰਮੇਦਾਰੀ 45 ਮੈਂਬਰੀ ਕਮੇਟੀ ਦੇ ਮੈਂਬਰਾਂ ਦੀ ਸੀ। ਅਰੋੜਾ ਨੇ ਦੱਸਿਆ ਕਿ 17 ਅਗਸਤ ਨੂੰ ਹੋਈ ਮੀਟਿੰਗ ਤੋਂ ਬਾਅਦ 45 ਮੈਂਬਰੀ ਕਮੇਟੀ ਦੇ ਕੁਝ ਮੈਂਬਰਾਂ ਨੇ ਲੋਕਾਂ ਨੂੰ ਪੰਚਕੂਲਾ ਵਿਚ ਸਤਿਸੰਗ ਦੇ ਬਹਾਨੇ ਆਉਣ ਦਾ ਸੱਦਾ ਦਿੱਤਾ। ਇੰਨਾ ਹੀ ਨਹੀਂ ਪੰਜਾਬ ਦੇ ਕੁਝ ਇਲਾਕਿਆਂ ਵਿਚ 24 ਅਗਸਤ ਨੂੰ ਗੱਡੀਆਂ ਵਿਚ ਡੇਰਾ ਸਮਰਥਕਾਂ ਨੂੰ ਜ਼ੀਰਕਪੁਰ ਦੇ ਕੋਲ ਲਿਆ ਕੇ ਛੱਡਿਆ ਗਿਆ। ਤਾਕਿ ਉਹ ਪੰਚਕੂਲਾ  ਅਸਾਨੀ ਨਾਲ ਪਹੁੰਚ ਸਕਣ। ਹਿੰਸਾ ਦੇ ਦਿਨ  ਇਨ੍ਹਾਂ ਮੈਂਬਰਾਂ ਨੇ ਡੇਰਾ ਸਮਰਥਕਾਂ ਨੂੰ ਭੜਕਾਇਆ। 23 ਅਗਸਤ ਨੂੰ ਪੰਚਕੂਲਾ ਦੇ ਸੈਕਟਰ ਤਿੰਨ ਵਿਚ ਜਿੱਥੇ ਡੇਰਾ ਸਮਰਥਕਾਂ ਨੂੰ ਠਹਿਰਾਇਆ ਸੀ ਉਥੇ ਪਾਣੀ ਦਾ ਬੰਦੋਬਸਤ ਨਹੀਂ ਸੀ। ਉਸੇ ਦਿਨ ਡੇਰੇ ਦੇ ਪੰਚਕੂਲਾ ਇੰਚਾਰਜ ਚਮਕੌਰ ਸਿੰਘ ਨੇ ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੂੰ ਕਾਲ ਕਰਕੇ ਕਿਹਾ ਸੀ ਕਿ ਇੱਥੇ ਪਾਣੀ ਦਾ ਬੰਦੋਬਸਤ ਕਰਵਾ ਦਿਓ।
ਸੂਤਰਾਂ ਮੁਤਾਬਕ ਰਾਕੇਸ਼ ਨੇ ਰਿਮਾਂਡ ਦੌਰਾਨ ਪੁਲਿਸ ਨੂੰ ਦੱਸਿਆ ਕਿ ਪੰਚਕੂਲਾ ਵਿਚ 25 ਅਗਸਤ ਨੂੰ ਲੱਖਾਂ ਦੀ ਗਿਣਤੀ ਵਿਚ ਪਹੁੰਚੇ ਡੇਰਾ ਸਮਰਥਕਾਂ ਦੀ ਮੌਨੀਟਰਿੰਗ ਦੀ ਜ਼ਿੰਮੇਦਾਰੀ 25 ਮੈਂਬਰਾਂ ਟੀਮ ਦੇ ਅੱਠ ਮੈਂਬਰਾਂ ਨੂੰ ਗੁਰਮੀਤ ਰਾਮ ਰਹੀਮ ਨੇ ਦਿੱਤੀ ਸੀ।  ਆਦਿਤਿਆ ਅਤੇ ਪਵਨ ਇੰਸਾਂ ਦੇ ਟਿਕਾਣਿਆਂ ਸਬੰਧੀ ਪੁਲਿਸ ਵਾਰ ਵਾਰ ਐਮਐਸਜੀ ਦੇ ਅਰੋੜਾ ਕੋਲੋਂ ਪੁਛਗਿੱਛ ਕਰ ਰਹੀ ਹੈ, ਲੇਕਿਨ ਉਹ ਵਾਰਵਾਰ ਬਿਆਨ ਬਦਲ ਰਿਹਾ ਹੈ।  ਇਸੇ ਕਾਰਨ ਐਸਆਈਟੀ ਉਨ੍ਹਾਂ ਤੱਕ ਪਹੁੰਚ ਨਹੀਂ ਪਾ ਰਹੀ।

ਹੋਰ ਖਬਰਾਂ »