ਪੰਚਕੂਲਾ, 23 ਅਕਤੂਬਰ (ਹਮਦਰਦ ਨਿਊਜ਼ ਸਰਵਿਸ) : ਪੰਚਕੂਲਾ ਹਿੰਸਾ ਮਾਮਲੇ ਵਿੱਚ ਹਨੀਪ੍ਰੀਤ ਇੰਸਾ ਦੀ ਨਿਆਇਕ ਹਿਰਾਸਤ 14 ਦਿਨ ਲਈ ਵਧਾ ਦਿੱਤੀ ਗਈ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 6 ਨਵੰਬਰ ਨੂੰ ਹੋਵੇਗੀ। ਦੱਸ ਦੇਈਏ ਕਿ ਦੇਸ਼ ਧਰੋਹ ਦੇ ਦੋਸ਼ ਵਿੱਚ ਹਨੀਪ੍ਰੀਤ ਨੂੰ 3 ਅਕਤੂਬਰ ਨੂੰ ਜੀਰਕਪੁਰ-ਪਟਿਆਲਾ ਰੋਡ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ 38 ਦਿਨਾਂ ਤੱਕ ਫਰਾਰ ਰਹੀ। ਪਿਛਲੀ ਪੇਸ਼ੀ ਦੌਰਾਨ ਕੋਰਟ ਨੇ ਪੁੱਛਗਿੱਛ ਲਈ 10 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਰੱਖਣ ਦੇ ਹੁਕਮ ਦਿੱਤੇ ਸਨ। ਇਸ ਦੌਰਾਨ ਪੁਲਿਸ ਨੇ ਪੰਚਕੂਲਾ ਹਿੰਸਾ ਸਮੇਤ ਹਨੀਪ੍ਰੀਤ ਦੇ ਲਗਭਗ 38 ਦਿਨਾਂ ਤੱਕ ਫਰਾਰ ਰਹਿਣ ਦੇ ਪਿੱਛੇ ਦੀ ਸਾਜਿਸ਼ ਦੇ ਸਬੂਤਾਂ ਨੂੰ ਖੰਗਾਲਿਆ। ਇਸ ਦੇ ਲਈ ਜਿੱਥੇ ਇੱਕ ਪਾਸੇ ਡੇਰਾ ਸੱਚਾ ਸੌਦਾ ਤੋਂ ਬਰਾਮਦ ਸਬੂਤਾਂ ਦੀ ਜਾਂਚ ਜਾਰੀ ਹੈ, ਉਥੇ ਦੂਜੇ ਪਾਸੇ ਹਨੀਪ੍ਰੀਤ ਦੇ ਮੋਬਾਇਲ ਫੋਨ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਹਨੀਪ੍ਰੀਤ ਦੇ ਸਾਰੇ ਨਜ਼ਦੀਕੀਆਂ ਅਤੇ ਡੇਰਾ ਮੈਂਬਰਾਂ ਤੋਂ ਵੀ ਲਗਾਤਾਰ ਪੁੱਛਗਿੱਛ ਜਾਰੀ ਹੈ। ਇਸ ਤੋਂ ਪਹਿਲਾਂ ਵੀ ਪੰਚਕੂਲਾ ਕੋਰਟ ਨੇ ਉਸ ਨੂੰ 4 ਅਕਤੂਬਰ ਨੂੰ 6 ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜਿਆ ਸੀ।

ਹੋਰ ਖਬਰਾਂ »