ਫਲੋਰਿਡਾ, 25 ਅਕਤੂਬਰ (ਹ.ਬ.) : ਅਮਰੀਕਾ ਦੇ ਫਲੋਰਿਡਾ ਵਿਚ ਰਹਿਣ ਵਾਲਾ ਇੱਕ ਜੋੜਾ ਉਸ ਸਮੇਂ ਹੈਰਾਨੀ ਵਿਚ ਪੈ ਗਿਆ ਜਦੋਂ ਉਨ੍ਹਾਂ ਆਨਲਾਈਨ ਸ਼ਾਪਿੰਗ ਪੋਰਟਲ ਅਮੇਜ਼ਾਨ ਦੀ ਡਿਲੀਵਰੀ ਵਿਚ 30 ਕਿਲੋ ਗਾਂਜਾ ਮਿਲਿਆ। ਓਰਲੈਂਡੋ ਦੇ ਰਹਿਣ ਵਾਲੇ ਇਸ ਜੋੜੇ ਨੇ ਨਾਂ ਨਾ ਜ਼ਾਹਰ ਕਰਨ ਦੀ ਸ਼ਰਤ 'ਤੇ ਸਥਾਨਕ ਮੀਡੀਆ ਨੂੰ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸਟੋਰੇਜ ਦੇ ਕੰਮ ਆਉਣ ਵਾਲੇ ਪਲਾਸਟਿਕ ਦੇ ਡੱਬਿਆਂ ਦਾ ਆਰਡਰ ਦਿੱਤਾ ਸੀ। ਲੇਕਿਨ ਉਨ੍ਹਾਂ ਜਿਹੜੇ ਪੈਕਟ ਮਿਲਿਆ, ਉਹ ਉਮੀਦ ਤੋਂ ਜ਼ਿਆਦਾ ਭਾਰੀ ਸੀ।
ਜੋੜੇ ਨੇ ਦੱਸਿਆ ਕਿ ਇਸ ਗਲਤ ਡਿਲੀਵਰੀ ਦੇ ਮੁਆਵਜ਼ੇ ਦੇ ਤੌਰ 'ਤੇ ਅਮੇਜ਼ਾਨ ਨੇ ਉਨ੍ਹਾਂ 150 ਡਾਲਰ ਦੀ ਪੇਸ਼ਕਸ਼ ਕੀਤੀ ਹੈ। ਕੰਪਨੀ ਨੇ ਇਹ ਆਫ਼ਰ ਈਮੇਲ 'ਤੇ ਕੀਤੀ ਹੈ।
ਫਲੋਰਿਡਾ ਦੀ ਪੁਲਿਸ ਨੇ ਇੱਕ ਲੋਕਲ ਨਿਊਜ਼ ਆਊਟਲੈਟ ਨੂੰ ਦੱਸਿਆ ਕਿ ਉਨ੍ਹਾਂ ਨੇ ਗਾਂਜਾ ਜ਼ਬਤ ਕਰ ਲਿਆ ਹੈ ਅਤੇ ਘਟਨਾ ਦੀ ਜਾਂਚ ਚਲ ਰਹੀ ਹੈ। ਹਾਲਾਂਕਿ ਇਸ ਮਾਮਲੇ ਵਿਚ ਪੁਲਿਸ ਨੇ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਕੀਤੀ ਹੈ। ਅਮੇਜ਼ਾਨ ਨੇ ਕਿਹਾ ਕਿ ਉਨ੍ਹਾਂ ਦੇ ਕਸਟਮਰ ਸਰਵਿਸ ਵਿਭਾਗ ਨੇ ਗਾਹਕ ਨਾਲ ਸੰਪਰਕ ਕੀਤਾ ਹੈ ਅਤੇ ਉਹ ਇਸ ਮਸਲੇ 'ਤੇ ਜਾਂਚ ਏਜੰਸੀਆਂ ਦੇ ਨਾਲ ਮਿਲ ਕੇ ਕੰਮ ਕਰਨਗੇ।

ਹੋਰ ਖਬਰਾਂ »