ਹਿਊਸਟਨ, 26 ਅਕਤੂਬਰ (ਹ.ਬ.) : ਅਮਰੀਕਾ ਦੇ ਰਿਚਰਡਸਨ ਸ਼ਹਿਰ ਵਿਚ 3 ਸਾਲ ਦੀ ਭਾਰਤੀ ਮੂਲ ਦੀ ਬੱਚੀ ਸ਼ੇਰਿਨ ਦੀ ਮੌਤ ਤੋਂ ਬਾਅਦ ਹੁਣ ਲੋਕਾਂ ਵਿਚ ਗੁੱਸਾ ਭਰ ਗਿਆ ਹੈ। ਜ਼ਿਆਦਾਤਰ ਲੋਕਾਂ ਦਾ ਕਹਿਣਾ ਹੈ ਕਿ ਬੱਚੀ ਦੇ ਪਿਤਾ ਨੇ ਜਦ ਦੇਖਿਆ ਕਿ ਦੁੱਧ ਪੀਣ ਕਾਰਨ ਉਸ ਦਾ ਸਾਹ ਉਖੜ ਰਿਹਾ ਹੈ ਤੇ ਬੱਚੀ ਨੂੰ ਸਾਹ ਲੈਣ ਵਿਚ ਦਿੱਕਤ ਹੋ ਰਹੀ ਹੈ ਤਾਂ ਉਸ ਨੇ ਅਪਣੀ ਪਤਨੀ ਨੂੰ ਕਿਉਂ ਨਹੀਂ ਉਠਾਇਆ ਜੋ ਪੇਸ਼ੇ ਤੋਂ ਨਰਸ ਹੈ। ਸ਼ੇਰਿਨ ਨੂੰ ਸਰੀਰਕ ਵਿਕਾਸ ਸਬੰਧੀ ਸਮੱਸਿਆ ਸੀ ਅਤੇ ਉਸ ਨੂੰ  ਗੱਲ ਕਰਨ ਵਿਚ ਦਿੱਕਤ ਹੁੰਦੀ ਸੀ। ਉਹ 7 ਅਕਤੂਬਰ ਤੋਂ ਲਾਪਤਾ ਸੀ ਅਤੇ ਮੰਗਲਵਾਰ ਨੂੰ ਪੁਲਿਸ ਨੇ ਜਾਂਚ ਤੋਂ ਬਾਅਦ ਸ਼ੇਰਿਨ ਦੀ ਮੌਤ ਦੀ ਪੁਸ਼ਟੀ ਕੀਤੀ ਸੀ। ਬੱਚੀ ਦੇ ਪਿਤਾ 37 ਸਾਲਾ ਵੇਸਲੇ ਨੇ ਪੁਲਿਸ ਨੂੰ ਦੱਸਿਆ ਕਿ ਦੁੱਧ ਪੀਂਦੇ ਸਮੇਂ ਸ਼ੇਰਿਨ ਦੇ ਗਲ਼ ਵਿਚ ਦੁੱਧ ਅਟਕ ਗਿਆ ਸੀ ਅਤੇ ਦਮ ਘੁਟਣ ਕਾਰਨ ਉਸ ਦੀ ਮੌਤ ਹ ਗਈ ।
ਰਿਚਰਡਸਨ ਪੁਲਿਸ ਦੇ ਅਨੁਸਾਰ 37 ਸਾਲਾ ਵੇਸਲੀ ਮੈਥਿਊ ਨੂੰ ਬੱਚੀ ਦੇ ਲਾਪਤਾ ਹੋਣ ਦੇ ਬਾਰੇ ਵਿਚ ਦੂਜੀ ਕਹਾਣੀ ਸੁਣਾਉਣ ਤੋਂ ਬਾਅਦ ਮੁੜ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ 'ਤੇ ਬੱਚੀ ਨੂੰ ਲੈ ਕੇ ਘੋਰ ਅਪਰਾਧ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਇਸ ਮਾਮਲੇ ਵਿਚ ਉਸ ਨੂੰ ਉਮਰ ਕੈਦ ਜਾਂ ਪੰਜ ਤੋਂ 99 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ।
ਕੇਰਲ ਦੇ ਰਹਿਣ ਵਾਲੇ ਵੇਸਲੀ ਅਤੇ ਉਸ ਦੀ ਪਤਨੀ ਸਿਨੀ ਨੇ ਸ਼ੇਰਿਨ ਨੂੰ ਦੋ ਸਾਲ ਪਹਿਲਾਂ ਬਿਹਾਰ ਦੇ ਨਾਲੰਦਾ ਦੇ ਮਦਰ ਟੈਰੇਸਾ ਆਸ਼ਰਮ ਤੋਂ ਗੋਦ ਲਿਆ ਸੀ। ਵੇਸਲੀ ਨੇ ਪਹਿਲਾਂ ਇਹ ਦਾਅਵਾ ਕੀਤਾ ਸੀ ਕਿ ਦੁੱਧ ਨਹੀਂ ਪੀਣ 'ਤੇ ਸੱਤ ਅਕਤੂਬਰ ਦੀ ਰਾਤ ਤਿੰਨ ਵਜੇ ਸ਼ੇਰਿਨ ਨੂੰ ਸਜ਼ਾ ਦੇਣ ਦੇ ਲਈ ਘਰ ਦੇ ਬਾਹਰ ਖੜ੍ਹਾ ਕਰ ਦਿੱਤਾ ਸੀ। ਇਸ ਤੋਂ ਬਾਅਦ ਉਹ ਲਾਪਤਾ ਹੋ ਗਈ ਸੀ। ਹੁਣ ਉਸ ਦਾ ਕਹਿਣਾ ਹੈ ਕਿ ਸੱਤ  ਅਕਤੂਬਰ ਨੂੰ ਤੜਕੇ ਸ਼ੇਰਿਨ ਨੇ ਜਦ ਦੁੱਧ ਨਹੀਂ ਪੀਤਾ ਤਾਂ ਉਸ ਨੇ ਜ਼ਬਰਦਸਤੀ ਦੁੱਧ ਪਿਲਾਉਣ ਦੀ ਕੋਸ਼ਿਸ਼ ਕੀਤੀ ਸੀ। ਉਹ ਜਦੋਂ ਖੰਗ ਰਹੀ ਸੀ ਤਾਂ ਉਸ ਦਾ ਸਾਹ ਉਖੜਦਾ ਜਾ ਰਿਹਾ ਸੀ। ਬਾਅਦ ਵਿਚ ਜਦ ਉਸ ਦੀ ਨਬਜ ਵੀ ਰੁਕ ਗਈ ਅਤੇ ਉਸ ਲੱਗਾ ਕਿ ਉਹ ਮਰ ਚੁੱਕੀ ਹੈ ਤਾਂ ਉਸ ਨੇ ਲਾਸ਼ ਘਰ ਤੋਂ ਹਟਾ ਦਿੱਤੀ। ਸ਼ੇਰਿਨ 'ਚ ਕੁਝ ਸਮੱਸਿਆਵਾਂ ਸੀ ਅਤੇ ਉਹ ਠੀਕ ਤਰ੍ਹਾਂ ਬੋਲ ਨਹੀਂ ਸੀ ਪਾਉਦੀ। ਰਿਚਰਡਸਨ ਪੁਲਿਸ ਨੇ ਖੋਜੀ ਕੁੱਤਿਆਂ ਦੀ ਮਦਦ ਨਾਲ ਲਾਸ਼ ਦੀ ਭਾਲ ਕੀਤੀ ਸੀ। ਜਿਸ ਪੁਲੀ ਦੇ ਥੱਲੇ ਤੋਂ ਲਾਸ਼ ਮਿਲੀ ਹੈ ਉਹ ਜਗ੍ਹਾ ਸ਼ੇਰਿਨ ਦੇ ਘਰ ਤੋਂ ਕਰੀਬ ਇਕ ਕਿਲੋਮੀਟਰ ਦੂਰੀ 'ਤੇ ਹੈ।

ਹੋਰ ਖਬਰਾਂ »