ਚੰਡੀਗੜ : 26 ਅਕਤੂਬਰ 2017  : (ਪੱਤਰ ਪ੍ਰੇਰਕ) : ਆਮ ਆਦਮੀ ਪਾਰਟੀ (ਆਪ) ਨੇ ਕਿਹਾ ਕਿ ਹੁਣ ਖੁਦ ਕਾਂਗਰਸੀਆਂ ਨੇ ਵੀ ਮੰਨ ਲਿਆ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਆਪਸ ਵਿਚ ਪੂਰੀ ਤਰਾਂ ਇੱਕਮਿਕ ਹਨ। ਆਪ ਵਲੋਂ ਜਾਰੀ ਸਾਂਝੇ ਬਿਆਨ ਰਾਹੀਂ ਪਾਰਟੀ ਦੇ ਮੁੱਖ ਬੁਲਾਰੇ ਅਤੇ ਕੌਮੀ ਕਾਰਜਕਾਰਨੀ ਦੇ ਮੈਂਬਰ ਹਰਜੋਤ ਸਿੰਘ ਬੈਂਸ, ਵਿਧਾਨ ਸਭਾ ਦੇ ਉਪ ਨੇਤਾ ਬੀਬੀ ਸਰਬਜੀਤ ਕੌਰ, ਕੁਲਤਾਰ ਸਿੰਘ ਸੰਧਵਾਂ, ਮੀਤ ਹੇਅਰ, ਜੇ ਕਿਸ਼ਨ ਸਿੰਘ ਰੋੜੀ ਅਤੇ ਮਾਸਟਰ ਬਲਦੇਵ ਸਿੰਘ ਨੇ ਕਿਹਾ ਕਿ ਪੰਜਾਬ ਅਤੇ ਪੰਜਾਬੀਆਂ ਦੀ ਚੌਂਕੀਦਾਰ ਹੋਣ ਦੇ ਨਾਤੇ ਆਮ ਆਦਮੀ ਪਾਰਟੀ ਸ਼ੁਰੂ ਤੋਂ ਹੀ ਹੋਕਾ ਦਿੰਦੀ ਆਈ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਦਰਮਿਆਨ ਇਕ ਦੂਜੇ  ਨੂੰ ਬਚਾਉਣ ਅਤੇ ਵਾਰੀ ਬੰਨ ਕੇ ਪੰਜਾਬ ਨੂੰ ਲੁੱਟਣ ਦਾ ਸਮਝੌਤਾ ਹੋ ਚੁੱਕਿਆ ਹੈ । ਬਾਵਜੂਦ ਇਸ ਦੇ ਬਾਦਲ ਅਤੇ ਕੈਪਟਨ ਚੋਣਾਂ  'ਚ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ 'ਚ ਸਫਲ ਹੋਏ ਹਨ। ਆਪ ਦੇ ਡਰੋਂ ਬਾਦਲਾਂ ਨੇ ਕੈਪਟਨ ਦੀ ਸਰਕਾਰ ਬਣਾਉਣ ਲਈ ਕਾਂਗਰਸ ਦੀ ਮੱਦਦ ਕੀਤੀ ਅਤੇ ਕੈਪਟਨ ਅਮਰਿੰਦਰ ਸਿੰਘ ਇਸ ਸਮਝੌਤੇ 'ਤੇ ਖਰਾ ਉਤਰਦਿਆਂ ਬਾਦਲ ਪਰਿਵਾਰ ਅਤੇ ਕਾਰੋਬਾਰੀ ਮਾਫੀਆ ਦਾ ਬਚਾਅ ਕਰ ਰਹੇ । 
ਆਪ ਆਗੂਆਂ  ਨੇ ਕਿਹਾ ਕਿ ਸ੍ਰੀ ਗੁਟਕਾ ਸਾਹਿਬ  ਨੂੰ ਸਿਰ 'ਤੇ ਰੱਖ ਕੇ ਡਰੱਗ ਮਾਫੀਆ ਇਕ ਮਹੀਨੇ ਦੇ ਅੰਦਰ-ਅੰਦਰ ਖਤਮ ਕਰਨ ਅਤੇ ਇਸਦੇ ਸਰਗਨਾਂ ਨੂੰ ਸਜ਼ਾਵਾਂ ਦੇਣ ਦੇ ਵਾਅਦੇ ਕਰਨ ਵਾਲੇ ਕੈਪਟਨ ਮੁੱਖ ਮੰਤਰੀ ਬਣਨ ਪਿਛੋਂ ਬਿਕਰਮ ਸਿੰਘ ਮਜੀਠੀਆ ਦੀ ਉਸੇ ਤਰਾਂ ਢਾਲ ਬਣੇ, ਜਿਵੇਂ ਅਕਾਲੀ-ਭਾਜਪਾ ਸਰਕਾਰ ਵੇਲੇ ਬਾਦਲ ਪਰਿਵਾਰ ਬਣਿਆ ਕਰਦਾ ਸੀ। ਆਪ ਆਗੂਆਂ ਨੇ ਕਿਹਾ ਕਿ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਸਮੇਤ ਕਾਂਗਰਸੀ ਵਿਧਾਇਕਾਂ ਅਤੇ ਆਗੂਆਂ ਦਾ ਮਜੀਠੀਆ ਵਿਰੁੱਧ ਕਾਰਵਾਈ ਲਈ ਮੁਹਿੰਮ ਛੇੜਨ ਦਾ ਹੋਕਾ ਅਸਲ ਵਿਚ ਇਨ੍ਹਾਂ ਕਾਂਗਰਸੀਆਂ ਦਾ ਲੋਕਾਂ 'ਚ ਉਡ ਰਹੇ ਮਜ਼ਾਕ ਤੋਂ ਬਚਣ ਲਈ ਬੇਬਸ ਭਰਿਆ ਹੋਕਾ ਹੈ। 
ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਨਵਜੋਤ ਸਿੱਧੂ ਅਤੇ ਉਸਦੇ ਸਾਥੀਆਂ ਦੀਆਂ ਭਾਵਨਾਵਾਂ ਦੀ ਕਦਰ ਹੈ ਪਰ ਕਾਂਗਰਸੀ ਵਜੀਰ ਅਤੇ ਵਿਧਾਇਕਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਹੁਣ ਉਹ ਸਰਕਾਰ ਚਲਾ ਰਹੇ ਹਨ ਅਤੇ ਪੰਜਾਬ ਦੇ ਲੋਕਾਂ ਨੇ ਉਨਾਂ ਨੂੰ ਵੋਟਾਂ ਇਸ ਕਰਕੇ ਪਾਈਆਂ ਸਨ, ਕਿਉਕਿ ਨਵਜੋਤ ਸਿੰਘ ਸਿੱਧੂ ਅਤੇ ਉਸਦੇ ਕਾਂਗਰਸੀ ਸਾਥੀਆਂ ਨੇ ਮਾਫੀਆ ਰਾਜ ਚਲਾਉਣ ਵਾਲੇ ਬਾਦਲਾਂ ਨੂੰ ਸਖਤ ਸਜ਼ਾ ਦੇਣ ਦਾ ਵਾਅਦਾ ਜੋਰ-ਸ਼ੋਰ ਨਾਲ ਚੁੱਕਿਆ ਸੀ।

ਹੋਰ ਖਬਰਾਂ »