ਟੋਰਾਂਟੋ, 27 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਟੋਰਾਂਟੋ ਦੇ ਸਾਰਨੀਆ ਐਵੇਨਿਊ ਅਤੇ ਕੈਂਪਬੈਲ ਐਵੇਨਿਊ ਇਲਾਕੇ ਦੇ ਇਕ ਇਮਾਰਤ ਦੀ ਦੂਜੀ ਮੰਜ਼ਿਲ 'ਤੇ ਅੱਗ ਲੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਟੋਰਾਂਟੋ ਪੈਰਾਮੈਡਿਕਸ ਨੇ ਅੱਗ ਕਾਰਨ ਮੌਤ ਹੋਣ ਦੀ ਪੁਸ਼ਟੀ ਕਰ ਦਿਤੀ ਪਰ ਮ੍ਰਿਤਕ ਵਿਅਕਤੀ ਦੀ ਉਮਰ ਅਤੇ ਪਛਾਣ ਬਾਰੇ ਫ਼ਿਲਹਾਲ ਕੋਈ ਜਾਣਕਾਰੀ ਨਹੀਂ ਦਿਤੀ ਗਈ। ਟੋਰਾਂਟੋ ਫ਼ਾਇਰ ਸਰਵਿਸ ਨੇ ਕਿਹਾ ਕਿ ਸਵੇਰੇ ਸਮੇਂ ਅੱਗ ਲੱਗਣ ਦੀ ਸੂਚਨਾ ਮਿਲਣ 'ਤੇ ਜਦੋਂ ਦਸਤਾ ਮੌਕੇ 'ਤੇ ਪੁੱਜਾ ਤਾਂ ਲਾਸ਼ ਬਰਾਮਦ ਕੀਤੀ ਗਈ। ਕੈਪਟਨ ਡੇਵਿਡ ਐਕਰਮੈਨ ਨੇ ਕਿਹਾ ਕਿ ਫ਼ਾਇਰ ਫ਼ਾਈਟਰਾਂ ਨੂੰ ਅਪਾਰਟਮੈਂਟ ਦੇ ਅੰਦਰ ਕਿਸੇ ਦੀ ਮੌਜੂਦਗੀ ਬਾਰੇ ਪਹਿਲਾਂ ਹੀ ਸੂਚਿਤ ਕਰ ਦਿਤਾ ਗਿਆ ਸੀ ਅਤੇ ਉਸ ਨੂੰ ਗੰਭੀਰ ਹਾਲਤ ਵਿਚ ਬਾਹਰ ਕੱਢਿਆ ਗਿਆ ਪਰ ਛੇਤੀ ਹੀ ਉਸ ਦੀ ਮੌਤ ਹੋ ਗਈ।

ਹੋਰ ਖਬਰਾਂ »