ਚੰਡੀਗੜ੍ਹ, 28 ਅਕਤੂਬਰ (ਹ.ਬ.) : ਚੰਡੀਗੜ੍ਹ ਦੀ 101 ਸਾਲਾ ਅਥਲੀਟ ਮਾਨ ਕੌਰ ਦੀ ਉਪਲਬਧੀਆਂ ਦੇ ਤਾਜ ਵਿਚ ਇਕ ਹੋਰ ਨਗ ਜੁੜ ਗਿਆ ਹੈ। ਉਨ੍ਹਾਂ ਕੈਨੇਡਾ ਵਿਚ ਆਯੋਜਤ ਦ ਸਿੱਖ ਐਵਾਰਡ ਵਿਚ 'ਦ ਸਿੱਖ ਲਾਈਫ ਟਾਈਮ ਅਚੀਵਮੈਂਟ' ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਟੋਰਾਂਟੋ ਦੇ ਰਾਇਲ ਯਾਰਕ ਹੋਟਲ ਵਿਚ 21 ਅਕਤੂਬਰ ਨੂੰ ਹੋਏ ਇਸ ਸਮਾਰੋਹ ਵਿਚ ਕੈਨੈਡਾ ਦੇ ਪ੍ਰਧਾਨ ਮੰਤਰੀ, ਮੰਤਰੀ ਮੰਡਲ ਦੇ ਮੈਂਬਰ ਅਤੇ ਕਈ ਮਸ਼ਹੂਰ ਹਸਤੀਆਂ ਸ਼ਾਮਲ ਰਹੀਆਂ। ਇਸ ਸਮਾਰੋਹ ਵਿਚ ਸਮਾਜ ਵਿਚ ਵਿਸ਼ੇਸ਼ ਯੋਗਦਾਨ ਦੇਣ ਦੇ ਲਈ ਵਿਭਿੰਨ ਕੈਟੇਗਰੀ ਵਿਚ 11 ਐਵਾਰਡ ਦਿੱਤੇ ਗਏ। ਜਿਨ੍ਹਾਂ ਇਹ ਐਵਾਰਡ ਮਿਲੇ ਹਨ ਉਨ੍ਹਾਂ ਏਸ਼ੀਆ, ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਯੂਰਪ, ਅਫ਼ਰੀਕਾ, ਮਿਡਲ ਈਸਟ ਦੇ ਲੋਕਾਂ ਦੇ ਵਿਚ ਹੋਏ ਕੜੀ ਮੁਕਾਬਲਿਆਂ ਤੋਂ ਬਾਅਦ ਚੁਣਿਆ ਗਿਆ। ਮਾਨ ਕੌਰ ਨੂੰ ਉਮਰ ਦਾ ਇਕ ਵੱਡਾ ਪੜਾਅ ਪੂਰਾ ਕਰਨ ਦੇ ਬਾਵਜੂਦ ਖੁਦ ਨੂੰ ਫਿੱਟ ਰੱਖਣ ਅਤੇ ਲੋਕਾਂ ਨੂੰ ਤੰਦਰੁਸਤ ਰਹਿਣ ਦਾ ਮੂਲ ਮੰਤਰ ਦੇਣ ਦੇ ਲਈ ਐਵਾਰਡ ਦਿੱਤਾ ਗਿਆ। ਇਹ ਐਵਾਰਡ ਮਿਲਣ 'ਤੇ ਚੰਡੀਗੜ੍ਹ ਵਿਚ ਰਹਿਣ ਵਾਲੇ ਉਨ੍ਹਾਂ ਦੇ ਪਰਿਵਾਰ ਨੇ ਬੇਹੱਦ ਖੁਸ਼ੀ ਜ਼ਾਹਰ ਕੀਤੀ ਹੈ।
ਮਾਨ ਕੌਰ ਦੇ ਬੇਟੇ 79 ਸਾਲਾ ਗੁਰਦੇਵ ਸਿੰਘ ਵੀ ਇਸ ਸਮਾਰੋਹ ਵਿਚ ਉਨ੍ਹਾਂ ਦੇ ਨਾਲ ਸੀ। ਉਨ੍ਹਾਂ ਨੇ ਦੱਸਿਆ ਕਿ ਜਿਸ ਸਮੇਂ ਉਨ੍ਹਾਂ ਦੀ ਮਾਂ ਨੂੰ ਐਵਾਰਡ ਦੇਣ ਦੇ ਲਈ ਸਟੇਜ 'ਤੇ ਬੁਲਾਇਆ ਗਿਆ ਤਾਂ 500 ਤੋਂ ਜ਼ਿਆਦਾ ਲੋਕਾਂ ਨਾਲ ਭਰਿਆ ਹਾਲ ਤਾੜੀਆਂ ਨਾਲ ਗੂੰਜ ਉਠਿਆ। ਇਹ ਮੇਰੇ ਤੇ ਦੇਸ਼ ਦੇ ਲਈ ਮਾਣ ਵਾਲਾ ਸਮਾਂ ਸੀ।
ਦੱਸਣਯੋਗ ਹੈ ਕਿ ਜਿਸ ਉਮਰ ਵਿਚ ਔਰਤਾਂ ਕਿਸੇ ਬਿਮਾਰੀ ਨਾਲ ਪੀੜਤ ਹੋ ਕੇ ਮੰਜੇ 'ਤੇ ਬੈਠ ਜਾਂਦੀਆਂ ਹਨ ਉਸ ਤੋਂ ਜ਼ਿਆਦਾ ਉਮਰ ਦੀ ਮਾਨ ਕੌਰ ਨੇ ਅਪਣੀ ਇੱਛਾ  ਸ਼ਕਤੀ ਅਤੇ ਦ੍ਰਿੜ੍ਹ ਇਰਾਦੇ ਨਾਲ ਖੇਡ ਮੁਕਾਬਲਿਆਂ ਵਿਚ ਹਿੱਸਾ ਲੈ ਕੇ ਮੈਡਲ ਜਿੱਤੇ। ਉਮਰ 101 ਸਾਲ ਅਤੇ ਉਪਲਬਧੀਆਂ ਦੀ ਲੰਬੀ ਲਿਸਟ । ਦੇਸ਼ ਹੀ ਨਹੀਂ ਦੁਨੀਆ ਵਿਚ ਚੰਡੀਗੜ੍ਹ ਦਾ ਮਾਨ ਵਧਾਉਣ ਵਾਲੀ ਵੈਟਰਨ ਅਥਲੀਟ ਮਾਨ ਕੌਰ ਅਥਲੈਟਿਕਸ ਵਿਚ ਕਈ ਰਿਕਾਰਡ ਬਣਾ ਕੇ ਮੈਡਲ ਜਿੱਤ ਚੁੱਕੀ ਹੈ।  ਜੀਵਨ ਦਾ ਇਕ ਪੜਾਅ ਪਾਰ ਕਰ ਚੁੱਕੀ ਮਾਨ ਕੌਰ ਲਗਾਤਾਰ ਸੈਰ, ਯੋਗਾ, ਦੌੜ ਲਾਉਂਦੇ ਹੋਏ ਖੁਦ ਨੂੰ ਫਿੱਟ ਰਖਦੀ ਹੈ।   ਮਾਨ ਕੌਰ ਨੂੰ ਅਮਰੀਕਾ ਵਿਚ ਅਥਲੀਟ ਆਫ਼ ਦ ਈਅਰ ਦਾ ਖਿਤਾਬ ਵੀ ਮਿਲ ਚੁੱਕਾ ਹੈ।  ਦੇਸ਼ ਦੇ ਨੌਜਵਾਨ ਹੀ ਨਹੀਂ ਬਲਕਿ ਵਿਦੇਸ਼ ਵਿਚ ਵੀ ਲੋਕ ਮਾਨ ਕੌਰ ਤੋਂ ਜ਼ਿਆਦਾ ਉਮਰ ਵਿਚ ਖੁਦ ਨੂੰ ਫਿੱਟ ਰੱਖਣ ਦੇ ਲਈ ਟਿਪਸ ਲੈਂਦੇ ਹਨ।

ਹੋਰ ਖਬਰਾਂ »