ਪੱਤਰਕਾਰ ਕੇਜੇ ਸਿੰਘ ਮਾਮਲੇ ’ਚ ਜਾਂਚ ਲਈ ਔਰੰਗਾਬਾਦ ਪੁੱਜੀ ਚੰਡੀਗੜ੍ਹ ਪੁਲਿਸ ਨੇ ਕੀਤਾ ਖੁਲਾਸਾ

ਔਰੰਗਾਬਾਦ, 30 ਅਕਤੂਬਰ (ਹਮਦਰਦ ਬਿਊਰੋ) : ਮੋਹਾਲੀ ਦੇ ਸੀਨੀਅਰ ਪੱਤਰਕਾਰ ਕੇਜੇ ਸਿੰਘ ਅਤੇ ਉਸ ਦੀ ਮਾਂ ਗੁਰਚਰਨ ਕੌਰ ਦੇ ਕਤਲ ਦੇ ਦੋਸ਼ੀ ਗੌਰਵ ਦਾ ਇਤਿਹਾਸ ਖੰਗਾਲਣ ਲਈ ਚੰਡੀਗੜ੍ਹ ਪੁਲਿਸ ਔਰੰਗਾਬਾਦ ਗਈ। ਜਿੱਥੇ ਚੰਡੀਗੜ੍ਹ ਪੁਲਿਸ ਨੇ ਲੋਕਾਂ ਦੀ ਪੁੱਛਗਿੱਛ ’ਚ ਖੁਲਾਸਾ ਕੀਤਾ ਹੈ ਕਿ ਵੀਜੇ ਵਿੱਚ ਦਿੱਕਤ ਦੇ ਚਲਦਿਆਂ ਗੌਰਵ ਕੈਨੇਡਾ ਨਹੀਂ ਜਾ ਸਕਿਆ ਅਤੇ ਉਸ ਦੇ ਪੈਸੇ ਵੀ ਖਰਚ ਹੋ ਗਏ ਸਨ। ਪਰਿਵਾਰ ਵੱਲੋਂ ਦਿੱਤੇ ਗਏ ਪੈਸਿਆਂ ਦੇ ਨੁਕਸਾਨ ਦੀ ਭਰਪਾਈ ਲਈ ਉਸ ਨੇ ਅਪਰਾਧ ਦੀ ਦੁਨੀਆ ਵਿੱਚ ਕਦਮ ਰੱਖਿਆ। ਚੰਡੀਗੜ੍ਹ ਪੁਲਿਸ ਲਗਭਗ 1 ਘੰਟਾ ਪੁੱਛਗਿੱਛ ਕਰਨ ਬਾਅਦ ਵਾਪਸ ਪਰਤ ਗਈ। ਦੱਸ ਦੇਈਏ ਕੇ 23 ਸਤੰਬਰ ਨੂੰ ਮੋਹਾਲੀ ਦੇ ਫੇਸ-3, ਬੀ-2 ਵਿੱਚ ਸੀਨੀਅਰ ਪੱਤਰਕਾਰ ਕੇਜੇ ਸਿੰਘ ਅਤੇ ਉਸ ਦੀ ਮਾਂ ਗੁਰਚਰਨ ਕੌਰ ਦਾ ਕਤਲ ਕਰ ਦਿੱਤਾ ਗਿਆ ਸੀ। ਕੇਜੇ ਸਿੰਘ ਦੇ ਸਰੀਰ ’ਤੇ ਚਾਕੂ ਨਾਲ ਵਾਰ ਦੇ 15 ਨਿਸ਼ਾਨ ਸਨ। ਜਦਕਿ ਗੁਰਚਰਨ ਕੌਰ ਨੂੰ ਗਲ ਘੋਟ ਕੇ ਮਾਰਿਆ ਗਿਆ ਸੀ। ਮਾਮਲੇ ਵਿੱਚ ਪੁਲਿਸ ਨੇ ਔਰੰਗਾਬਾਦ ਦੇ ਪਿੰਡ ਪਿਪਾਲਾ ਨਿਵਾਸੀ ਗੌਰਵ ਪੁੱਤਰ ਸਤਵੀਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਮਾਮਲੇ ਦਾ ਖੁਲਾਸਾ ਕੀਤਾ। ਚੰਡੀਗੜ੍ਹ ਦੇ ਮੋਹਾਲੀ ਪਿੰਡ ਮਟੌਰ ਫੇਸ 7 ਵਿੱਚ ਤਾਇਨਾਤ ਐਸਆਈ ਸੁਰਜੀਤ ਸਿੰਘ ਦੋ ਕਾਂਸਟੇਬਲਾਂ ਨਾਲ ਔਰੰਗਾਬਾਦ ਪਹੁੰਚੇ, ਜਿੱਥੇ ਉਨ੍ਹਾਂ ਨੇ ਪਿੰਡ ਪਿਪਾਲਾ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ।

ਪਿੰਡ ਵਾਸੀਆਂ ਦੀ ਪੁੱਛਗਿੱਛ ਮਗਰੋਂ ਐਸਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਗੌਰਵ ਦੇ ਵੀਜੇ ਵਿੱਚ ਕੁਝ ਦਿੱਕਤ ਆ ਗਈ ਸੀ, ਜਿਸ ਕਾਰਨ ਉਹ ਕੈਨੇਡਾ ਨਾ ਜਾ ਕੇ ਚੰਡੀਗੜ੍ਹ ਚਲਾ ਗਿਆ। ਉੱਥੇ ਉਸ ਦੇ ਸਾਰੇ ਪੈਸੇ ਖਤਮ ਹੋ ਗਏ। ਵੀਜਾ ਠੀਕ ਕਰਵਾਉਣ ਅਤੇ ਵਿਦੇਸ਼ ਵਿੱਚ ਨੌਕਰੀ ਲਈ ਵੇਚੀ ਗਈ ਜ਼ਮੀਨ ਨੂੰ ਫਿਰ ਤੋਂ ਹਾਸਲ ਕਰਲ ਲਈ ਉਸ ਨੇ ਅਪਰਾਧ ਦੀ ਦੁਨੀਆ ਵਿੱਚ ਪਹਿਲਾ ਕਦਮ ਰੱਖਦਿਆਂ ਮੋਹਾਲੀ ਵਿੱਚ ਏਟੀਐਮ ਨੂੰ ਲੁੱਟਣ ਦੀ ਯੋਜਨਾ ਬਣਾਈ। ਇਸ ਤੋਂ ਪਹਿਲਾਂ ਹੀ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ। ਐਸਓ ਔਰੰਗਾਬਾਦ ਅਨਿਲ ਕੁਮਾਰ ਨੇ ਦੱਸਿਆ ਕਿ ਚੰਡੀਗੜ੍ਹ ਪੁਲਿਸ ਪਿੰਡ ਦੇ ਮੁਖੀ ਤੋਂ ਗੌਰਵ ਦੇ ਇੱਥੋਂ ਦੇ ਮੂਲਨਿਵਾਸੀ ਹੋਣ ਦਾ ਸਰਟੀਫਿਕੇਟ ਲੈ ਗਈ ਹੈ।

ਹੋਰ ਖਬਰਾਂ »