'ਆਪ' ਲਈ ਮੁਸੀਬਤ

ਚੰਡੀਗੜ੍ਹ,30 ਅਕਤੂਬਰ (ਹ.ਬ.) : ਪੰਜਾਬ 'ਚ ਗੁੱਟਬਾਜ਼ੀ 'ਆਪ' ਪਾਰਟੀ ਲਈ ਮੁਸੀਬਤ ਬਣਣੀ ਜਾ ਰਹੀ ਹੈ। ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਤਿੰਨ ਪ੍ਰਮੁੱਖ ਨੇਤਾਵਾਂ ਨੂੰ ਪੌਲੀਟਿਕਲ ਅਫੇਅਰਜ਼ ਕਮੇਟੀ ਦੀ ਬੈਠਕ ਵਿਚ ਬੁਲਾ ਕੇ ਇਸ ਮੁੱਦੇ 'ਤੇ ਮੰਥਨ ਕੀਤਾ। ਨਾਲ ਹੀ ਉਨ੍ਹਾਂ ਆਪਸੀ ਮਤਭੇਦ ਦੂਰ ਕਰਕੇ ਸੰਗਠਨਾਤਮਕ ਢਾਂਚਾ ਖੜ੍ਹਾ ਕਰਨ ਲਈ ਕਿਹਾ ਹੈ।  'ਆਪ' ਪੰਜਾਬ ਵਿਚ ਇਕ ਪਾਸੇ ਸੂਬਾ ਪ੍ਰਧਾਨ ਭਗਵੰਤ ਮਾਨ ਹਨ  ਤੇ ਦੂਜੇ ਪਾਸੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਹਨ। ਸਹਿ ਪ੍ਰਧਾਨ ਅਮਨ ਅਰੋੜਾ ਨੂੰ ਭਗਵੰਤ ਮਾਨ ਦਾ ਕਰੀਬੀ ਮੰਨਿਆ ਜਾਂਦਾ ਹੈ। ਮਾਨ ਅਤੇ ਖਹਿਰਾ, ਦੋਵੇਂ ਹੀ ਅਪਣੇ ਆਪ ਨੂੰ ਪੰਜਾਬ ਵਿਚ ਪਾਰਟੀ ਦੇ ਚਿਹਰੇ ਦੇ ਰੂਪ ਵਿਚ ਪ੍ਰੋਜੈਕਟ ਕਰ ਰਹੇ ਹਨ। ਦੋਵੇਂ ਹੀ ਪਾਰਟੀ ਵਿਚ ਖੁਦ ਨੂੰ ਮਜ਼ਬੂਤ ਬਣਾਉਣ ਵਿਚ ਲੱਗੇ ਹਨ। ਇਕ ਪਾਸੇ ਜ਼ਿਆਦਾ ਵਿਧਾਇਕਾਂ ਦਾ ਸਮਰਥਨ ਖਹਿਰਾ ਦੇ ਨਾਲ ਹੈ, ਤੇ ਸੰਗਠਨ ਵਿਚ ਜ਼ਿਆਦਾ ਲੋਕ ਮਾਨ ਦੇ ਨਾਲ ਹਨ। ਅਜਿਹੇ ਵਿਚ ਪਾਰਟੀ ਵਿਚ ਦੋ ਪਾਵਰ ਸੈਂਟਰ ਬਣ ਗਏ ਹਨ। ਦੋਵਾਂ ਵਿਚ ਤਾਲਮੇਲ ਦੀ ਕਮੀ ਗੁਰਦਾਸਪੁਰ ਉਪ ਚੋਣ ਵਿਚ ਸਾਫ ਨਜ਼ਰ ਆਈ। ਨਤੀਜੇ ਵਜੋਂ ਪਾਰਟੀ ਉਮੀਦਵਾਰ ਦੀ ਜ਼ਮਾਨਤ ਜ਼ਬਤ ਹੋ ਗਈ। ਇਕ ਪਾਸੇ ਸੀਨੀਅਰ ਨੇਤਾ ਐਚਐਸਚ ਫੂਲਕਾ ਨੇ ਸਾਰੀ ਸਰਗਰਮੀਆਂ ਤੋਂ ਕਿਨਾਰਾ ਕਰ ਲਿਆ ਹੈ। ਫੂਲਕਾ ਇਕ ਦਿਨ ਵੀ ਗੁਰਦਾਸਪੁਰ ਪ੍ਰਚਾਰ ਦੇ ਲਈ ਨਹੀਂ ਗਏ। ਹੁਣ ਉਹ ਪਟਿਆਲਾ ਵਿਚ ਹੋਏ ਰਾਜ ਪੱਧਰੀ ਧਰਨੇ ਵਿਚ ਵੀ ਸ਼ਾਮਲ ਨਹੀਂ ਹੋਏ।
ਹੇਠਲੇ ਪੱਧਰ ਤੇ ਵਲੰਟੀਅਰ ਵੀ ਇਸ ਗੁੱਟਬਾਜ਼ੀ ਤੋਂ ਪ੍ਰੇਸ਼ਾਨ ਹਨ, ਹਾਈਕਮਾਂਡ ਤੱਕ ਵੀ ਸਾਰੀ ਗੱਲਾਂ ਪਹੁੰਚ ਚੁੱਕੀਆਂ ਸੀ। ਕੇਜਰੀਵਾਲ ਨੇ ਸ਼ਨਿੱਚਰਵਾਰ ਨੂੰ ਪੀਏਸੀ ਦੀ ਬੈਠਕ ਵਿਚ ਭਗਵੰਤ ਮਾਨ, ਸੁਖਪਾਲ ਖਹਿਰਾ ਤੇ ਅਮਨ ਅਰੋੜਾ ਨੂੰ ਸਾਫ ਕਿਹਾ ਕਿ ਉਹ ਆਪਸੀ ਗੁੱਟਬਾਜ਼ੀ ਖਤਮ ਕਰਨ। ਕੇਜਰੀਵਾਲ ਨੇ ਗੁਰਦਾਸਪੁਰ ਉਪ ਚੋਣ ਵਿਚ ਪਾਰਟੀ ਦੇ ਪ੍ਰਦਰਸ਼ਨ 'ਤੇ ਨਰਾਜ਼ਗੀ ਜਤਾਈ ਹੈ।  ਆਪ ਸੁਪਰੀਮੋ ਨੇ ਤਿੰਨਾਂ ਨੂੰ ਕਿਹਾ ਕਿ ਵਲੰਟੀਅਰਾਂ ਅਤੇ ਲੋਕਾਂ ਵਿਚ ਕਿਸੇ ਵੀ ਹਾਲਤ ਵਿਚ ਇਹ ਸੰਦੇਸ਼ ਨਹੀਂ ਜਾਣਾ ਚਾਹੀਦਾ ਕਿ ਪਾਰਟੀ ਵਿਚ ਗੁੱਟਬਾਜ਼ੀ ਹੈ।

ਹੋਰ ਖਬਰਾਂ »

ਚੰਡੀਗੜ