ਪੰਜਾਬ 'ਚ 297 ਕਰੋੜ ਦਾ ਸ਼ੂਗਰ ਮਿਲ ਘੁਟਾਲਾ, ਮਾਮਲਾ ਕੈਪਟਨ ਤੱਕ ਪੁੱਜਾ

ਚੰਡੀਗੜ• : 9 ਨਵੰਬਰ : (ਪੱਤਰ ਪ੍ਰੇਰਕ) : ਪੰਜਾਬ 'ਚ ਖੰਡ ਮਿਲ ਘੁਟਾਲੇ ਦਾ ਖੁਲਾਸਾ ਸਾਹਮਣੇ ਆਇਆ ਹੈ। ਮੋਰਿੰਡਾ ਸਹਿਕਾਰੀ ਸੂਗਰ ਮਿਲ 'ਚ ਖੰਡ ਵੇਚਣ 'ਚ ਹੋਏ 297.56 ਲੱਖ ਰੁਪਏ ਦੇ ਘੁਟਾਲੇ ਦਾ ਇਹ ਮਾਮਲਾ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਤੱਕ ਪਹੁੰਚ ਗਿਆ ਹੈ। ਮੁੱਖ ਮੰਤਰੀ ਦਫ਼ਤਰ ਨੇ ਇਸ ਸਬੰਧ 'ਚ ਸੂਗਰਫੈਡ ਨੂੰ ਸਰਕਾਰੀ ਪੱਤਰ ਭੇਜ ਕੇ ਪੂਰਾ ਮਾਮਲਾ ਵਿਸਥਾਰ 'ਚ ਦੱਸਣ ਨੂੰ ਕਿਹਾ ਹੈ। 
ਇਹ ਮਾਮਲਾ ਇੱਕ ਸਾਲ ਤੋਂ ਠੰਢੇ ਬਸਤੇ 'ਚ ਪਿਆ ਹੈ, ਜਦਕਿ ਘੁਟਾਲੇ 'ਚ ਸ਼ਾਮਲ ਕਈ ਅਧਿਕਾਰੀ ਸੇਵਾਮੁਕਤ ਹੋ ਚੁੱਕੇ ਹਨ। ਆਲ ਇੰਡੀਆ ਪ੍ਰੋਵੀਡੈਂਟ ਫੰਡ ਸੇਵਾਮੁਕਤ ਪੈਨਸ਼ਨਰਜ਼ ਵਰਕਰ ਫੈਡਰੇਸ਼ਨ ਨੇ ਇਸ ਮਾਮਲੇ ਦੀ ਵਿਜੀਲੈਂਸ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਨੇ ਮੁੱਖ ਮੰਤਰੀ ਨੂੰ ਲਿਖੇ ਪੱਤਰ 'ਚ ਕਿਹਾ ਕਿ ਮੋਰਿੰਡਾ ਸਹਿਕਾਰੀ ਖੰਡ ਮਿਲ 'ਚ ਪਿਛਲੇ 8-10 ਸਾਲਾਂ ਦੌਰਾਨ ਕਰੋੜਾਂ ਦਾ ਘੁਟਾਲਾ ਹੋਇਆ ਹੈ, ਪਰ ਵਿਭਾਗ ਚੁੱਪੀ ਸਾਧੀ ਬੈਠਾ ਹੈ।
ਉਨ•ਾਂ ਦੱਸਿਆ ਕਿ ਸ਼ੂਗਰਫੈਡ ਵੱਲੋਂ ਮੁੱਖ ਲੇਖਾ ਅਧਿਕਾਰੀ ਗੁਰਚਰਨ ਸਿੰਘ ਗਰੋਵਰ, ਸਹਾਇਕ ਲੇਖਾ ਅਧਿਕਾਰੀ ਅਮਰੀਕ ਸਿੰਘ ਤੇਜਾ ਦੀ ਪ੍ਰਧਾਨਗੀ 'ਚ ਇੱਕ ਜਾਂਚ ਕਮੇਟੀ ਗਠਿਤ ਕੀਤੀ ਗਈ ਸੀ। ਕਮੇਟੀ ਨੇ ਸਾਰੇ ਤੱਥਾਂ ਦੀ ਜਾਂਚ ਕਰਨ ਤੋਂ ਬਾਅਦ 297.56 ਲੱਖ ਰੁਪਏ ਦੇ ਘਾਟੇ ਦੀ ਰਿਪੋਰਟ ਦਿੱਤੀ ਸੀ।
ਰਿਪੋਰਟ ਆਉਣ ਤੋਂ ਇੱਕ ਸਾਲ ਬਾਅਦ ਵੀ ਇਸ 'ਚ ਕੁਝ ਨਹੀਂ ਕੀਤਾ ਗਿਆ ਅਤੇ ਨਾ ਹੀ ਕੋਈ ਐਫ਼ਆਈਆਰ ਦਰਜ ਕਰਵਾਈ ਗਈ। ਕਰਨੈਲ ਸਿੰਘ ਨੇ ਮੰਗ ਕੀਤੀ ਕਿ ਮੁੱਖ ਮੰਤਰੀ ਕੈਪਟਨ ਤਤਕਾਲ ਆਪਣੇ ਪੱਧਰ 'ਤੇ ਇਸ ਮਾਮਲੇ ਦੀ ਜਾਂਚ ਕਰਵਾਉਣ ਅਤੇ ਘੁਟਾਲੇ ਨੂੰ ਦਬਾਉਣ ਵਾਲੇ ਅਧਿਕਾਰੀਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਰਵਾਈ ਕਰਨ। ਉਨ•ਾਂ ਨਾਲ ਹੀ ਮੰਗ ਕੀਤੀ ਕਿ ਸ਼ੂਗਰ ਮਿਲ ਨੂੰ ਹੋਏ ਨੁਕਸਾਨ ਦੀ ਭਰਪਾਈ ਲਈ ਰਿਕਵਰੀ ਵੀ ਕੀਤੀ ਜਾਵੇ। ਮੁੱਖ ਮੰਤਰੀ ਦਫ਼ਤਰ 'ਚ ਤਾਇਨਾਤ ਸਪੈਸ਼ਲ ਸੈਕਟਰੀ ਪੱਧਰ ਦੇ ਅਧਿਕਾਰੀ ਵੱਲੋਂ ਇਸ ਮਾਮਲੇ 'ਚ ਸਬੰਧਤ ਵਿਭਾਗ ਤੇ ਵਿਭਾਗ ਦੇ ਪ੍ਰਸ਼ਾਸਨਿਕ ਸਕੱਤਰ ਤੋਂ ਸਟੇਟਸ ਰਿਪੋਰਟ ਮੰਗੀ ਗਈ ਹੈ।

ਹੋਰ ਖਬਰਾਂ »