ਕਾਂਗਰਸੀ ਉਮੀਦਵਾਰ ਨੀਲਾਂਸ਼ੂ ਚਤੁਰਵੇਦੀ ਨੇ ਭਾਜਪਾ ਦੇ ਸ਼ੰਕਰ ਦਿਆਲ ਤ੍ਰਿਪਾਠੀ ਨੂੰ 14, 333 ਵੋਟਾਂ ਨਾਲ ਹਰਾਇਆ

ਚਿਤਰਕੂਟ (ਮੱਧ ਪ੍ਰਦੇਸ਼), 12 ਨਵੰਬਰ (ਹਮਦਰਦ ਨਿਊਜ਼ ਸਰਵਿਸ) : ਮੱਧ ਪ੍ਰਦੇਸ਼ ਵਿੱਚ ਚਿਤਰਕੂਟ ਵਿਧਾਨਸਭਾ ਜਿਮਨੀ ਚੋਣ ਵਿੱਚ ਕਾਂਗਰਸ ਨੇ ਜਿੱਤ ਹਾਸਲ ਕਰ ਲਈ ਹੈ। ਕਾਂਗਰਸ ਦੇ ਉਮੀਦਵਾਰ ਨੀਲਾਂਸ਼ੁ ਚਤੁਰਵੇਦੀ ਨੇ ਭਾਜਪਾ ਦੇ ਸ਼ੰਕਰ ਦਿਆਲ ਤ੍ਰਿਪਾਠੀ ਨੂੰ 14 ਹਜਾਰ 333 ਵੋਟਾਂ ਨਾਲ ਹਰਾ ਦਿੱਤਾ ਹੈ। ਨੀਲਾਂਸ਼ੁ ਚਤੁਰਵੇਦੀ ਨੂੰ 66 ਹਜਾਰ 810 ਅਤੇ ਭਾਜਪਾ ਦੇ ਉਮੀਦਵਾਰ ਸ਼ੰਕਰ ਦਿਆਲ ਤ੍ਰਿਪਾਠੀ ਨੂੰ 52 ਹਜਾਰ 477 ਵੋਟਾਂ ਮਿਲੀਆਂ। ਸ਼ੁਰੂਆਤ ਤੋਂ ਹੀ ਨੀਲਾਂਸ਼ੁ ਚਤੁਰਵੇਦੀ ਅੱਗੇ ਚੱਲ ਰਹੇ ਸਨ ਅਤੇ 19 ਗੇੜਾਂ ਦੀ ਗਿਣਤੀ ਤੋਂ ਬਾਅਦ ਉਨ੍ਹਾਂ ਨੇ ਫੈਸਲਕੁੰਨ ਜਿੱਤ ਦਰਜ ਕਰ ਲਈ।

ਇਸ ਵਿਧਾਨ ਸਭਾ ਸੀਟ ’ਤੇ 9 ਨਵੰਬਰ ਨੂੰ ਚੋਣਾਂ ਹੋਈਆਂ ਸਨ। ਇੱਥੇ ਲਗਭਗ 62 ਫੀਸਦੀ ਵੋਟਿੰਗ ਹੋਈ ਸੀ। ਇੱਥੇ ਮੁਕਾਬਲਾ ਭਾਜਪਾ ਅਤੇ ਕਾਂਗਰਸ ਦੇ ਵਿਚਕਾਰ ਹੀ ਸੀ। ਭਾਜਪਾ ਹਰ ਕੀਮਤ ’ਤੇ ਇਸ ਸੀਟ ’ਤੇ ਜਿੱਤ ਚਾਹੁੰਦੀ ਸੀ, ਪਰ ਚੋਣ ਨਤੀਜਾ ਭਾਜਪਾ ਲਈ ਨਿਰਾਸ਼ਾਜਨਕ ਸਾਬਤ ਹੋਇਆ।

ਨਤੀਜੇ ਆਉਣ ਤੋਂ ਪਹਿਲਾਂ ਮੱਧ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਨੰਦ ਕੁਮਾਰ ਨੇ ਕਿਹਾ ਸੀ ਕਿ ਅਜੇ ਤੱਕ ਦੀ ਮਤਗਣਨਾ ਦੇ ਮੁਤਾਬਕ ਇਹ ਸੀਟ ਕਾਂਗਰਸ ਕੋਲ ਜਾ ਰਹੀ ਹੈ, ਪਰ ਜੋ ਕੁਝ ਇੱਥੇ ਹੋਇਆ, ਉਹ ਪੂਰੇ ਪ੍ਰਦੇਸ਼ ਦੇ ਮਿਜਾਜ ਨਹੀਂ ਦੱਸਦਾ ਹੈ।

ਕਾਂਗਰਸੀ ਵਿਧਾਇਕ ਪ੍ਰੇਮ ਸਿੰਘ ਦੇ ਇਸੇ ਸਾਲ ਹੋਏ ਦੇਹਾਂਤ ਮਗਰੋਂ ਚਿਤਰਕੂਟ ਵਿਧਾਨਸਭਾ ਖੇਤਰ ਵਿੱਚ ਜਿਮਨੀ ਚੋਣ ਹੋਈ। ਤਿੰਨ ਵਾਰ ਲਗਾਤਾਰ ਕਾਂਗਰਸ ਕੋਲ ਇਹ ਸੀਟ ਰਹੀ ਅਤੇ ਤਿੰਨੇ ਵਾਰ ਪ੍ਰੇਮ ਸਿੰਘ ਇੱਥੋਂ ਵਿਧਾਇਕ ਚੁਣੇ ਗਏ ਸਨ। ਇਸ ਲਈ ਇਹ ਜਿਮਨੀ ਚੋਣ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਲਈ ਵੱਕਾਰ ਦਾ ਸਵਾਲ ਬਣ ਗਈ ਸੀ। ਕਾਂਗਰਸ ਤੋਂ ਇਹ ਸੀਟ ਖੋਹਣ ਲਈ ਸ਼ਿਵਰਾਜ ਨੇ ਪੂਰੀ ਤਾਕਤ ਝੋਂਕ ਦਿੱਤੀ ਸੀ।

ਸ਼ਿਵਰਾਜ ਨੇ ਤਿੰਨ ਦਿਨ ਇੱਥੇ ਰੁਕ ਕੇ ਜਮ ਕੇ ਪ੍ਰਚਾਰ ਕੀਤਾ ਸੀ। ਉਨ੍ਹਾਂ ਤੋਂ ਬਿਨਾਂ ਪ੍ਰਦੇਸ਼ ਭਾਜਪਾ ਪ੍ਰਧਾਨ ਨੰਦ ਕੁਮਾਰ ਚੌਹਾਨ ਅਤੇ ਸ਼ਿਵਰਾਜ ਮੰਤਰੀ ਮੰਡਲ ਦੇ ਲਗਭਗ ਇੱਕ ਦਰਜਨ ਮੰਤਰੀ ਵੀ ਇਸੇ ਇਲਾਕੇ ਵਿੱਚ ਘੁੰਮ ਰਹੇ ਸਨ। ਉਤਰ ਪ੍ਰਦੇਸ਼ ਦੀ ਸਰਹੱਦ ਨਾਲ ਲੱਗੇ ਹੋਣ ਕਾਰਨ ਸ਼ਿਵਰਾਜ ਨੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੂੰ ਵੀ ਪ੍ਰਚਾਰ ਲਈ ਸੱਦਿਆ ਸੀ।   

ਹੋਰ ਖਬਰਾਂ »