ਥਾਣਾ : 13 ਨਵੰਬਰ : (ਪੱਤਰ ਪ੍ਰੇਰਕ) : ਮਹਾਰਾਸ਼ਟਰ ਦੇ ਥਾਣੇ 'ਚ ਦੋ ਸਾਲ ਪਹਿਲਾਂ ਇੱਕ ਸੜਕ ਹਾਦਸੇ 'ਚ ਮਾਰੇ ਗਏ ਇੱਕ ਨੌਜਵਾਨ ਦੇ ਪਰਿਵਾਰ ਨੂੰ ਹੁਣ ਮੁਆਵਜ਼ਾ ਰਾਸ਼ੀ ਮਿਲੀ ਹੈ। ਦੱਸਿਆ ਜਾਂਦਾ ਹੈ ਕਿ ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ (ਐਮਏਸੀਟੀ) ਨੇ 2015 'ਚ ਹੋਏ ਇੱਕ ਸੜਕ ਹਾਦਸੇ 'ਚ ਮਾਰੇ ਗਏ ਜੌਹਰੀ ਕਿਸਨਲਾਲ ਦੇ ਪਰਿਵਾਰ ਨੂੰ 27 ਲੱਖ ਦਾ ਮੁਆਵਜ਼ਾ ਦਿੱਤਾ ਹੈ। ਅਰਜ਼ੀਕਰਤਾ ਦੇ ਵਕੀਲ ਨੇ ਟ੍ਰਿਬਿਊਨਲ ਨੂੰ ਦੱਸਿਆ ਕਿ ਮ੍ਰਿਤਕ ਕਿਸਨ ਲਾਲ ਸੇਵਕ ਜਿਸ ਦੀ ਉਮਰ ਦੁਰਘਟਨਾ ਸਮੇਂ 28 ਸਾਲ ਸੀ, ਉਹ ਮੁੰਬਈ ਦੇ ਬਡਾਲਾ 'ਚ ਇੱਕ ਸੁਨਿਆਰੇ ਦੀ ਦੁਕਾਨ ਚਲਾਉਂਦਾ ਸੀ, ਜਿੱਥੇ ਉਹ ਮਹੀਨੇ ਦੇ 15 ਹਜ਼ਾਰ ਰੁਪਏ ਕਮਾਉਂਦਾ ਸੀ। 8 ਫਰਵਰੀ  2015 ਨੂੰ ਜਦੋਂ ਕਿਸਨ ਲਾਲ ਆਪਣੀ ਮੋਟਰਸਾਇਕਲ 'ਤੇ ਆ ਰਿਹਾ ਸੀ ਤਾਂ ਬੇਲਾਪੁਰ ਰੋਡ 'ਤੇ ਪਿੱਛਿਓਂ ਆ ਰਹੇ ਟਿੱਪਰ ਨੇ ਟੱਕਰ ਮਾਰ ਦਿੱਤੀ ਸੀ। ਘਟਨਾ ਤੋਂ ਬਾਅਦ ਉਸ ਨੂੰ ਬੇਹੋਸ਼ੀ ਦੀ ਹਾਲਤ 'ਚ ਹਸਪਤਾਲ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਸ ਨੇ ਦਮ ਤੋੜ ਦਿੱਤਾ ਸੀ। ਮ੍ਰਿਤਕ ਆਪਣੇ ਪਿੱਛੇ ਪਰਿਵਾਰ 'ਚ 28 ਸਾਲਾ ਪਤਨੀ, ਬਜ਼ੁਰਗ ਮਾਂ-ਬਾਪ ਅਤੇ ਦੋ ਬੱਚੇ ਛੱਡ ਗਿਆ ਸੀ। ਵਕੀਲ ਨੇ ਦੱਸਿਆ ਕਿ ਟਿੱਪਰ ਦੀ ਲਾਪ੍ਰਵਾਹੀ ਕਾਰਨ ਇਹ ਹਾਦਸਾ ਹੋਇਆ ਅਤੇ ਇਸ ਲਈ ਉਹ ਮੁਆਵਜ਼ੇ ਦੀ ਮੰਗ ਕਰਦੇ ਹਨ।
ਦੋਸ਼ੀ ਟਿੱਪਰ ਮਾਲਕ ਖਿਲਾਫ਼ ਨਵੀਂ ਮੁੰਬਈ 'ਚ ਸ਼ਿਕਾਇਤ ਦਰਜ ਕਰਵਾਈ ਗਈ। ਮਾਮਲੇ 'ਚ ਵਿਰੋਧੀ ਧਿਰ ਦੇ ਵਕੀਲ ਨੇ ਤਰਕ ਦਿੱਤਾ ਕਿ ਅਰਜ਼ੀਕਰਤਾ ਨੇ ਇਹ ਸਾਬਤ ਨਹੀਂ ਕੀਤਾ ਕਿ ਮ੍ਰਿਤਕ ਵਪਾਰ ਕਰ ਰਿਹਾ ਸੀ, ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਕਿਸ਼ਨ ਲਾਲ ਦੀ 2014-15 ਅਤੇ 2015-16 ਦੀ ਆਮਦਨ ਰਿਟਰਨ ਉਨ੍ਹਾਂ ਦੀ ਮੌਤ ਤੋਂ ਬਾਅਦ ਦਿੱਤੀ ਗਈ।
ਹਾਲਾਂਕਿ ਦੋਵੇਂ ਪੱਖ਼ਾਂ ਦੀ ਸੁਣਵਾਈ ਤੋਂ ਬਾਅਦ ਜ਼ਿਲ੍ਹਾ ਜਸਟਿਸ ਕੇ. ਡੀ. ਬਾਡਾਨੇ ਨੇ ਕਿਹਾ ਕਿ ਟਿੱਪਰ ਚਾਲਕ ਵੱਲੋਂ ਲਾਪ੍ਰਵਾਹੀ ਕਾਰਨ ਇਹ ਹਾਦਸਾ ਹੋਇਆ। ਇਸ ਲਈ ਜਸਟਿਸ ਨੇ ਟਿੱਪਰ ਮਾਲਕ ਅਤੇ ਬੀਮਾ ਕੰਪਨੀ ਨੂੰ ਸਾਂਝੇ ਰੂਪ 'ਚ ਵੱਖ ਤੋਂ ਅਰਜ਼ੀਕਰਤਾ ਨੂੰ 27.47 ਲੱਖ ਰੁਪਏ ਦੇ ਭੁਗਤਾਨ ਕਰਨ ਹੁਕਮ ਸੁਣਾਇਆ। 

ਹੋਰ ਖਬਰਾਂ »