ਰਾਏਪੁਰ : 13 ਨਵੰਬਰ : (ਪੱਤਰ ਪ੍ਰੇਰਕ) : ਕਥਿਤ ਅਸ਼ਲੀਲ ਸੀਡੀ ਮਾਮਲੇ 'ਚ ਰਾਏਪੁਰ ਕੋਰਟ ਨੇ ਦੋਸ਼ੀ ਪੱਤਰਕਾਰ ਵਿਨੋਦ ਵਰਮਾ ਦੀ ਨਿਆਂਇਕ ਹਿਰਾਸਤ 14 ਦਿਨਾਂ ਲਈ ਵਧਾ ਦਿੱਤੀ ਹੈ। ਦੱਸ ਦੀਏ ਕਿ ਹੁਣ ਮਾਮਲੇ ਦੀ ਅਗਲੀ ਸੁਣਵਾਈ 27 ਨਵੰਬਰ ਨੂੰ ਹੋਵੇਗੀ। ਸੋਮਵਾਰ ਨੂੰ ਵਿਨੋਦ ਵਰਮਾ ਦਾ ਰਿਮਾਂਡ ਖ਼ਤਮ ਹੋ ਰਿਹਾ ਸੀ, ਇਸ ਲਈ ਉਨ੍ਹਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ। ਇਸ ਤੋਂ ਪਹਿਲਾਂ ਜੁਡੀਸ਼ੀਅਲ ਮਜਿਸਟਰੇਟ ਅਤੇ ਸੈਸ਼ਨ ਕੋਰਟ ਨੇ ਉਨ੍ਹਾਂ ਦੀ ਜ਼ਮਾਨਤ ਅਰਜ਼ੀ ਖਾਰਜ਼ ਕਰ ਦਿੱਤੀ ਸੀ।  ਦੱਸ ਦੀਏ ਕਿ ਵਿਨੋਦ ਵਰਮਾ 'ਤੇ ਅਸ਼ਲੀਲ ਸੀਡੀ ਦੇ ਨਾਂ 'ਤੇ ਬਲੈਕਮੇਲਿੰਗ ਅਤੇ ਜ਼ਬਰਨ ਵਸੂਲੀ ਦੇ ਦੋਸ਼ ਹਨ। ਉਨ੍ਹਾਂ ਨੂੰ 27 ਅਕਤੂਬਰ ਨੂੰ ਯੂਪੀ ਦੇ ਗਾਜਿਆਬਾਦ 'ਚ ਇੰਦਰਾਪੁਰਮ ਸਥਿਤ ਘਰ ਤੋਂ ਹਿਰਾਸਤ 'ਚ ਲਿਆ ਗਿਆ ਸੀ। ਗਾਜਿਆਬਾਦ ਕੋਰਟ ਵੱਲੋਂ ਟਰਾਂਜਿਟ ਰਿਮਾਂਡ ਦੇਣ ਤੋਂ ਬਾਅਦ ਵਰਮਾ ਨੂੰ ਰਾਏਪੁਰ ਕੋਰਟ 'ਚ ਪੇਸ਼ ਕੀਤਾ ਗਿਆ। ਇਸ ਮਾਮਲੇ 'ਚ ਪ੍ਰਕਾਸ਼ ਬਜਾਜ਼ ਨੇ ਆਪਣੀ ਸ਼ਿਕਾਇਤ 'ਚ ਕਿਹਾ ਸੀ ਕਿ ਖੁਦ ਨੂੰ ਵਿਨੋਦ ਵਰਮਾ ਦੱਸਣ ਵਾਲੇ ਸ਼ਖ਼ਸ ਨੇ ਉਸ ਨੂੰ ਫੋਨ 'ਤੇ ਧਮਕੀ ਦਿੱਤੀ ਅਤੇ ਕਿਸੇ ਅਸ਼ਲੀਲ ਸੀਡੀ ਦਾ ਹਵਾਲਾ ਦੇ ਕੇ ਬਲੈਕਮੇਲਿੰਗ ਕਰਨ ਦੀ ਕੋਸ਼ਿਸ਼ ਕੀਤੀ। ਫੋਨ ਕਰਨ ਵਾਲੇ ਸ਼ਖ਼ਸ ਨੇ ਉਸ ਨੂੰ ਕਿਹਾ ਸੀ ਕਿ ਉਨ੍ਹਾਂ ਕੋਲ 'ਆਕਾ' ਦੀ ਸੀਡੀ ਹੈ ਅਤੇ ਜੇਕਰ ਉਨ੍ਹਾਂ ਮੰਗਾਂ ਨਹੀਂ ਮੰਨੀਆਂ ਤਾਂ ਉਹ ਇਨ੍ਹਾਂ ਸੀਡੀਆਂ ਨੂੰ ਵੰਡ ਦੇਵੇਗਾ। ਇਸ ਤੋਂ ਬਾਅਦ ਵਿਨੋਦ ਵਰਮਾ ਖਿਲਾਫ਼ ਛੱਤੀਸਗੜ੍ਹ ਦੇ ਪੰਡਰੀ ਥਾਣੇ 'ਚ ਆਈਪੀਸੀ ਦੀ ਧਾਰਾ 384, 506 ਅਤੇ ਆਈਟੀ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ, ਜਿਸ ਦੇ ਆਧਾਰ 'ਤੇ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਦੂਜੇ ਪਾਸੇ ਵਿਨੋਦ ਵਰਮਾ ਨੇ ਸਹਿਯੋਗੀ ਟੀਵੀ ਟਾਇਮਜ਼ ਟਾਓ ਨਾਲ ਗੱਲਬਾਤ 'ਚ ਦਾਅਵਾ ਕੀਤਾ ਸੀ ਕਿ ਉਨ੍ਹਾਂ ਕੋਲ ਛੱਤੀਸਗੜ੍ਹ ਸਰਕਾਰ 'ਚ ਮੰਤਰੀ ਰਾਜੇਸ਼ ਮੂਣਤ ਦੀ ਸੈਕਸ ਸੀਡੀ ਹੈ, ਇਸ ਲਈ ਸਰਕਾਰ ਉਨ੍ਹਾਂ ਨੂੰ ਫਸਾ ਰਹੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਇਹ ਸੀਡੀ ਪਹਿਲਾਂ ਤੋਂ ਹੀ ਜਨਤਕ ਹੈ ਅਤੇ ਉਨ੍ਹਾਂ ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ। ਦੂਜੇ ਪਾਸੇ ਛੱਤੀਸਗੜ੍ਹ ਦੇ ਲੋਕ ਨਿਰਮਾਣ ਮੰਤਰੀ ਰਾਜੇਸ਼ ਮੂਣਤ ਨੇ ਵਿਨੋਦ ਵਰਮਾ ਦੇ ਦਾਅਵਿਆਂ ਨੂੰ ਖਾਰਜ਼ ਕੀਤਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਸੀਡੀ ਪੂਰੀ ਤਰ੍ਹਾਂ ਫਰਜ਼ੀ ਹੈ, ਜਿਸ ਨੂੰ ਵੀ ਏਜੰਸੀ ਜਾਂਚ ਕਰਵਾਉਣੀ ਚਾਹੇ ਉਹ ਜਾਂਚ ਕਰਵਾ ਸਕਦੀ ਹੈ। 
 

ਹੋਰ ਖਬਰਾਂ »