ਚੰਡੀਗੜ੍ਹ : 13 ਨਵੰਬਰ : (ਪੱਤਰ ਪ੍ਰੇਰਕ) : ਦੁਨੀਆ ਭਰ 'ਚ ਭਾਰਤ ਦਾ ਨਾਂ ਰੋਸ਼ਨ ਕਰਨ ਵਾਲੀ 102 ਸਾਲਾ ਅਥਲੀਟ ਮਾਨ ਕੌਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਆਪਣੀ ਗੋਦ 'ਚ ਖਿਡਾ ਚੁੱਕੀ ਹੈ। ਮਾਨ ਕੌਰ ਨੇ ਵਿਸ਼ੇਸ ਗੱਲਬਾਤ 'ਚ ਦੱਸਿਆ ਕਿ ਉਹ ਕੈਪਟਨ ਦੇ ਦਾਦਾ ਭੁਪਿੰਦਰ ਸਿੰਘ ਦੇ ਰਸੋਈ ਘਰ 'ਚ ਕੰਮ ਕਰਦੀ ਸੀ। ਉਸ ਸਮੇਂ ਪਟਿਆਲਾ ਸ਼ਾਹੀ ਰਾਜ ਘਰਾਣੇ ਦੀ ਆਪਣੇ ਹੀ ਠਾਠ-ਬਾਠ ਸੀ,  ਮਹਾਰਾਜਾ ਭੁਪਿੰਦਰ ਸਿੰਘ ਦੀ ਕਈ ਰਾਣੀਆਂ ਸਨ। ਮਹਿਲ 'ਚ ਹਰ ਸਮੇਂ ਵਿਆਹ ਵਰਗਾ ਮਾਹੌਲ ਰਹਿੰਦਾ ਸੀ। ਉਨ੍ਹਾਂ ਕਿਹਾ ਕਿ ਮਹਾਰਾਣੀ ਤੇ ਰਾਣੀ ਸਾਹਿਬਾ ਇੰਨੀਆਂ ਮਿਲਣਸਾਰ ਸਨ ਕਿ ਮਹਿਲ 'ਚ ਕਦੇ ਵੀ ਦਿਨ-ਰਾਤ ਦਾ ਪਤਾ ਹੀ ਨਹੀਂ ਸੀ ਚੱਲਦਾ। 
ਚੰਡੀਗੜ੍ਹ 'ਚ ਮਾਸਟਰ ਅਥਲੀਟ ਮੀਟ 'ਚ ਮੁੱਖ ਮਹਿਮਾਨ ਵਜੋਂ ਪਹੁੰਚੀ ਪਟਿਆਲਾ ਦੀ ਮਾਨ ਕੌਰ ਨੇ ਦੱਸਿਆ ਕਿ ਮਹਾਰਾਜਾ ਭੁਪਿੰਦਰ ਸਿੰਘ ਇੰਨੇ ਚੰਗੇ ਰਾਜਾ ਸਨ ਕਿ ਰੋਜ਼ਾਨਾ ਫੌਜੀਆਂ ਨੂੰ ਪਟਿਆਲਾ ਤੇ ਹੋਰ ਨੇੜਲੇ ਇਲਾਕਿਆਂ 'ਚ ਭੇਜ ਕੇ ਪਤਾ ਕਰਵਾਉਂਦੇ ਸਨ ਕਿ ਕੋਈ ਭੁੱਖਾ ਜਾਂ ਠੰਢ 'ਚ ਤਾਂ ਨਹੀਂ ਪਿਆ, ਜੇਕਰ ਕੋਈ  ਇਸ ਹਾਲਤ 'ਚ ਮਿਲ ਜਾਂਦਾ ਸੀ ਤਾਂ ਇਨ੍ਹਾਂ ਨੂੰ ਖ਼ਾਣ ਆਦਿ ਦੀ ਤੁਰੰਤ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਸੀ। ਉਨ੍ਹਾਂ ਕਿਹਾ ਕਿ ਰਾਜਾ ਜਨਤਾ ਨੂੰ ਆਪਣਾ ਪਰਿਵਾਰ ਸਮਝਦੇ ਸਨ। ਅੱਜ ਲੋਕਤੰਤਰ ਹੋਣ ਦੇ ਬਾਵਜੂਦ ਵੀ ਇਨ੍ਹਾਂ ਕਮੀਆਂ 'ਚ ਗਿਰਾਵਟ ਨਹੀਂ ਆਈ।ਮਾਨ ਕੌਰ ਨੇ ਦੱਸਿਆ ਕਿ ਉਹ ਸਵੇਰੇ ਉਠ ਕੇ ਦੋ ਗਿਲਾਸ ਗਰਮ ਪਾਣੀ ਪੀਂਦੀ ਹੈ। ਇਸ ਤੋਂ ਬਾਅਦ ਕਣਕ ਤੇ ਛੋਲਿਆਂ ਦੀ ਬਣਾਈ ਸਪੈਸ਼ਲ ਰੋਟੀ ਖਾਂਦੀ ਹੈ ਤੇ ਇੱਕ ਗਿਲਾਸ ਦੁੱਧ ਪੀਂਦੀ ਹੈ। ਦੁਪਹਿਰ ਦੇ ਖ਼ਾਣੇ 'ਚ ਉਹ ਪਤਲੀ ਖਿਚੜੀ ਤੇ ਦਹੀ ਲੈਂਦੀ ਹੈ। ਸ਼ਾਮ ਨੂੰ ਉਹੀ ਗਾਜਰ ਦਾ ਜੂਸ ਪੀਂਦੀ ਹੈ ਅਤੇ ਰਾਤ ਨੂੰ ਇੱਕ ਰੋਟੀ ਜਾਂ ਫਰੂਟ ਤੇ ਦੁੱਧ ਪੀਂਦੀ ਹੈ।
ਮਾਨ ਕੌਰ ਨੇ ਦੱਸਿਆ ਕਿ ਉਹ ਰੋਜ਼ ਦੌੜ ਨਹੀਂ ਲਾਉਂਦੀ। ਇੱਕ ਦਿਨ ਛੱਡ ਕੇ 50 ਤੋਂ 100 ਮੀਟਰ ਦੌੜ ਲਗਾਉਂਦੀ ਹੈ। ਇਸ ਤੋਂ ਇਲਾਵਾ ਹੋਰ ਅਥਲੀਟ ਗੇਮਜ਼ ਜੈਵਲੀਨ ਥਰੋਅ ਅਤੇ ਜਿਮ ਜਾ ਕੇ ਵੀ ਖ਼ੁਦ ਨੂੰ ਫ਼ਿਟ ਰੱਖਦੀ ਹੈ। ਉਨ੍ਹਾਂ ਦੱਸਿਆ ਕਿ ਕਈ ਲੋਕ ਉਨ੍ਹਾਂ ਨੂੰ ਅਜਿਹਾ ਕਰਦਿਆਂ ਮਜ਼ਾਕ ਵੀ ਕਰਦੇ ਹਨ, ਪਰ ਮੈਨੂੰ ਇਹ ਸਭ ਕੁਝ ਚੰਗਾ ਲੱਗਦਾ ਹੈ। ਸਾਨੂੰ ਉਮਰ ਵਧਣ ਦੇ ਨਾਲ-ਨਾਲ ਖੇਡਾਂ ਤੋਂ ਵੀ ਪਾਸਾ ਨਹੀਂ ਵੱਟਣਾ ਚਾਹੀਦਾ।ਮਾਨ ਕੌਰ ਨੇ ਦੱਸਿਆ ਕਿ ਜਦੋਂ ਤੱਕ ਸਾਹ ਚੱਲਦੇ ਰਹਿਣਗੇ, ਉਦੋਂ ਤੱਕ ਦੌੜਦੀ ਰਹਾਂਗੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨਾ ਹੀ ਉਨ੍ਹਾਂ ਦਾ ਇੱਕੋ ਇੱਕ ਮਕਸਦ ਹੈ। ਉਨ੍ਹਾਂ ਕਿਹਾ ਕਿ ਜਦੋਂ ਲੋਕ ਮੈਨੂੰ ਮੇਰੀ ਲੰਬੀ ਉਮਰ ਬਾਰੇ ਪੁੱਛਦੇ ਹਨ ਤਾਂ ਮੈਨੂੰ ਖੁਸ਼ੀ ਮਹਿਸੂਸ ਹੁੰਦੀ ਹੈ। ਪੰਜਾਬ 'ਚ ਵਧਦੇ ਨਸ਼ਿਆਂ 'ਤੇ ਮਾਨ ਕੌਰ ਨੇ ਕਿਹਾ ਕਿ ਲੋਕ ਆਪਣੇ ਗੁਰੂਆਂ ਦੀਆਂ ਦਿੱਤੀਆਂ ਕੁਰਬਾਨੀਆਂ ਭੁੱਲ ਚੁੱਕੇ ਹਨ। ਇਸ ਲਈ ਹਾਲਾਤ ਅਜਿਹੇ ਬਣੇ ਹਨ। 

ਹੋਰ ਖਬਰਾਂ »

ਚੰਡੀਗੜ