ਨਿਊਯਾਰਕ, 14 ਨਵੰਬਰ (ਹ.ਬ.) : ਡੋਨਾਲਡ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਸ਼ੁਰੂ ਹੋਏ ਨਵੇਂ ਸਿੱਖਿਆ ਸੈਸ਼ਨ ਵਿਚ ਅਮਰੀਕਾ ਵਿਚ ਵਿਦੇਸ਼ੀ ਵਿਦਿਆਰਥੀ ਘੱਟ ਆ ਰਹੇ ਹਨ। ਇੰਸਟੀਚਿਊਟ ਆਫ਼ ਇੰਟਰਨੈਸ਼ਨਲ ਸਟੂਡੈਂਟ ਦੇ ਸਰਵੇ 'ਦ ਐਨੁਅਲ ਓਪਨ ਡੋਰ' ਵਿਚ ਦਾਅਵਾ ਕੀਤਾ ਗਿਆ ਹੈ ਕਿ 2017 ਵਿਚ ਉਚ ਸਿੱਖਿਆ ਦੇ ਲਈ ਆਉਣ ਵਾਲੇ ਵਿਦੇਸ਼ੀ ਵਿਦਿਆਰਥੀ ਸੱਤ ਫ਼ੀਸਦੀ ਘੱਟ ਹੋਏ ਹਨ। ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿਚ ਵੀ ਭਾਰੀ ਕਮੀ ਆਈ ਹੈ। 500 ਸਿੱਖਿਆ ਸੰਸਥਾਵਾਂ ਵਿਚ ਹੋਏ ਇਸ ਸਰਵੇ ਵਿਚ ਵਿਦਿਆਰਥੀਆਂ ਦੀ ਗਿਣਤੀ ਵਿਚ ਕਮੀ ਦਾ ਕਾਰਨ ਅਮਰੀਕਾ ਦੇ ਮਾਹੌਲ ਨੂੰ ਦੱਸਿਆ ਹੈ। 45 ਫ਼ੀਸਦੀ ਸਿੱਖਿਆ ਸੰਸਥਾਵਾਂ ਨੇ ਮੰਨਿਆ ਕਿ ਉਨ੍ਹਾਂ ਦੇ ਇੱਥੇ ਵਿਦਿਆਰਥੀ ਘਟੇ ਹਨ।  ਯੂਨੀਵਰਸਿਟੀ ਆਫ਼ ਸੈਂਟਰਲ ਮਿਸੌਰੀ ਦੇ ਅਧਿਕਾਰੀ ਮਾਈਕ ਗੋਡਾਰਡ ਦੇ ਮੁਤਾਬਕ ਭਾਰਤ ਤੋਂ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਤੇਜ਼ੀ ਨਾਲ ਘੱਟ ਹੋਈ ਹੈ। ਇਸ ਦਾ ਕਾਰਨ ਭਾਰਤ ਵਿਚ ਮੁਦਰਾ ਸੰਕਟ, ਟਰੰਪ ਦੀ ਯਾਤਰਾ ਪਾਬੰਦੀ ਰਹੀ ਹੈ। 
ਟਰੰਪ ਨੇ ਭਾਰਤ 'ਤੇ ਯਾਤਰਾ ਪਾਬੰਦੀ ਨਹੀਂ ਲਗਾਈ ਸੀ, ਲੇਕਿਨ ਉਥੋਂ ਆਉਣ ਵਾਲੇ ਮੁਸਲਿਮ ਵਿਦਿਆਰਥੀ ਚਿੰਤਤ ਹਨ। ਦੂਜੇ ਭਾਰਤੀ ਵਿਦਿਆਰਥੀਆਂ ਨੂੰ ਵੀ ਲੱਗਾ ਕਿ ਅਮਰੀਕਾ ਦਾ ਮਾਹੌਲ ਉਨ੍ਹਾਂ ਦੇ ਲਈ ਪਹਿਲਾਂ ਜਿਹਾ ਨਹੀਂ ਰਿਹਾ। ਇਸ ਸਾਲ ਫਰਵਰੀ ਵਿਚ ਕੰਸਾਸ ਦੇ ਬਾਰ ਵਿਚ ਭਾਰਤੀ ਇੰਜੀਨੀਅਰ ਦੀ ਹੱਤਿਆ ਜਿਹੀ ਘਟਨਾਵਾਂ ਕਾਰਨ ਵੀ ਨਸਲੀ ਹਿੰਸਾ ਦਾ ਖ਼ਤਰਾ ਮਹਿਸੂਸ ਕੀਤਾ ਗਿਆ। ਇਸ ਤੋਂ ਇਲਾਵਾ ਅਮਰੀਕਾ ਵਿਚ ਹੋਰ ਵਾਪਰ ਰਹੀਆਂ ਘਟਨਾਵਾਂ ਕਾਰਨ ਵੀ ਭਾਰਤ ਸਮੇਤ ਵਿਦੇਸ਼ੀ ਵਿਦਿਆਰਥੀ ਘਬਰਾਏ ਹੋਏ ਹਨ।

ਹੋਰ ਖਬਰਾਂ »