ਅੰਕਾਰਾ, 14 ਨਵੰਬਰ (ਹ.ਬ.) : ਈਰਾਨ ਵਿਚ ਆਏ ਭਿਆਨਕ ਭੂਚਾਲ ਕਾਰਨ 450 ਲੋਕਾਂ ਦੀ ਮੌਤ ਹੋ ਗਈ ਅਤੇ ਹਜ਼ਾਰਾਂ ਲੋਕ ਜ਼ਖਮੀ ਹੋਏ ਹਨ। ਭੂਚਾਲ ਪ੍ਰਭਾਵਤ ਇਲਾਕਿਆਂ ਵਿਚ ਰਾਹਤ ਬਚਾਅ ਦਾ ਕਾਰਜ ਪੂਰਾ ਹੋ ਗਿਆ ਹੈ। ਡਾਕਟਰੀ ਸੇਵਾ ਅਧਿਕਾਰੀ ਪੀਰ ਹੁਸੈਨ ਨੇ ਈਰਾਨ ਦੇ ਸਰਕਾਰੀ ਟੈਲੀਵਿਜ਼ਨ ਨੂੰ ਦੱਸਿਆ ਕਿ ਪੱਛਮੀ ਸੂਬੇ ਕਰਮਨਸ਼ਾਹ ਵਿਚ ਰਾਹਤ ਬਚਾਅ ਕਾਰਜ ਪੂਰਾ ਹੋ ਗਿਆ ਹੈ। ਈਰਾਨ ਦੇ ਸਰਕਾਰੀ ਟੈਲੀਵਿਜ਼ਨ ਦੇ ਮੁਤਾਬਕ ਹਜ਼ਾਰਾਂ ਲੋਕਾਂ ਨੂੰ ਰਾਹਤ ਕੈਂਪਾਂ ਵਿਚ ਰੱÎਖਿਆ ਗਿਆ ਹੈ ਜਦ ਕਿ ਵੱਡੀ ਗਿਣਤੀ ਵਿਚ ਲੋਕ ਖੁਲ੍ਹੇ ਆਸਮਾਨ ਹੇਠ ਹਨ।  ਉਨ੍ਹਾਂ ਕਿਹਾ ਕਿ 7.3 ਤੀਬਰਤਾ ਦੇ ਭੂਚਾਲ ਤੋਂ ਬਾਅਦ ਕਰੀਬ 193 ਝਟਕੇ ਮਹਿਸੂਸ ਕੀਤੇ ਗਏ ਹਨ। ਭੂਚਾਲ ਕਾਰਨ ਈਰਾਨ ਦੇ 14 ਸੂਬੇ ਪ੍ਰਭਾਵਤ ਹੋਏ ਹਨ। ਸਭ ਤੋਂ ਜ਼ਿਆਦਾ ਪ੍ਰਭਾਵਤ ਸ਼ਹਿਰ ਸਾਰਪੋਲ ਏ ਜੇਹਾਬ ਦੀ ਇਕ ਮਹਿਲਾ ਨੇ ਕਿਹਾ ਕਿ ਟੈਂਟ ਦੀ ਕਮੀ ਦੇ ਕਾਰਨ ਉਨ੍ਹਾਂ ਦੇ ਪਰਿਵਾਰ ਨੂੰ ਆਸਮਾਨ  ਥੱਲੇ ਰਾਤ ਬਿਤਾਉਣੀ ਪਈ। ਮਹਿਲਾ ਨੇ ਕਿਹਾ ਕਿ ਰਾਤ ਵੇਲੇ ਕਾਫੀ ਠੰਡ ਹੈ। ਸਾਨੂੰ ਮਦਦ ਦੀ ਜ਼ਰੂਰਤ ਹੈ। ਸਾਨੂੰ ਹਰ ਚੀਜ਼ ਦੀ ਜ਼ਰੂਰਤ ਹੈ। ਪ੍ਰਸ਼ਾਸਨ ਨੂੰ ਮਦਦ ਤੇਜ਼ ਕਰਨੀ ਚਾਹੀਦੀ। 
ਜ਼ਿਕਰਯੋਗ ਹੈ ਕਿ ਇਰਾਕ ਵਿਚ ਐਤਵਾਰ ਦੇਰ ਰਾਤ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ 7.3 ਮਾਪੀ ਗਈ।  ਅਮਰੀਕੀ ਸਰਵੇਖਣ ਮੁਤਾਬਕ 7.3 ਤੀਬਰਤਾ ਵਾਲੇ ਇਸ ਭੂਚਾਲ ਦਾ ਕੇਂਦਰ ਇਰਾਕੀ ਸ਼ਹਿਰ ਹਲਬਜਾ ਤੋਂ 31 ਕਿਲੋਮੀਟਰ ਦੂਰ ਸੀ।
ਕੁਰਦਿਸ਼ ਟੀਵੀ ਦੇ ਅਨੁਸਾਰ ਇਰਾਕੀ ਕੁਰਦਿਸਤਾਨ ਵਿਚ ਕਈ ਲੋਕ ਭੂਚਾਲ ਕਾਰਨ ਅਪਣੇ ਘਰਾਂ ਨੂੰ ਛੱਡ ਕੇ ਜਾਨ ਬਚਾਉਣ ਲਈ ਭੱਜ ਰਹੇ ਸੀ। ਈਰਾਨੀ ਟੀਵੀ ਮੀਡੀਆ ਦੇ ਮੁਤਾਬਕ ਭੂਚਾਲ ਕਾਰਨ ਈਰਾਨ ਦੇ ਕਈ ਸਥਾਨਾਂ 'ਤੇ ਬਿਜਲੀ ਸਪਲਾਈ ਵੀ ਠੱਪ ਹੋ ਗਈ। ਜਿਸ ਨਾਲ ਰਾਹਤ ਤੇ ਬਚਾਅ ਕਾਰਜਾਂ ਵਿਚ ਦਿੱਕਤ ਆਈ।  ਤੁਹਾਨੂੰ ਦੱਸ ਦੇਈਏ ਕਿ 2003 ਵਿਚ ਈਸਟਰਨ ਸਿਟੀ ਵਿਚ 6.6 ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ ਵਿਚ ਭਾਰੀ ਨੁਕਸਾਨ ਹੋਇਆ ਸੀ ਅਤੇ ਇਸ ਤਬਾਹੀ ਵਿਚ 25 ਹਜ਼ਾਰ ਲੋਕਾਂ ਦੀ ਮੌਤ ਹੋ ਗਈ ਸੀ।
 

ਹੋਰ ਖਬਰਾਂ »