ਵਾਸ਼ਿੰਗਟਨ, 14 ਨਵੰਬਰ (ਹ.ਬ.) : ਕੇਨੇਥ ਜਸਟਰ ਨੇ ਭਾਰਤ ਵਿਚ ਅਮਰੀਕੀ ਰਾਜਦੂਤ ਦੇ ਤੌਰ 'ਤੇ ਸਹੁੰ ਚੁੱਕ ਲਈ। ਉਪ ਰਾਸ਼ਟਰਪਤੀ ਮਾਈਕ ਪੇਂਸ ਨੇ ਉਨ੍ਹਾਂ ਸਹੁੰ ਚੁਕਾਉਣ ਤੋਂ ਬਾਅਦ ਟਵੀਟ ਕੀਤਾ, ਮੁਬਾਰਕ, ਕੇਨ ਜਸਟਰ, ਭਾਰਤ ਵਿਚ ਅਮਰੀਕਾ ਦੇ ਨਵੇਂ ਰਾਜਦੂਤ।
ਪੇਂਸ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਦੇ ਵਿਚ ਸਬੰਧਾਂ ਵਿਚ ਹੋਰ ਵਾਧਾ ਹੋਇਆ ਹੈ ਅਤੇ ਰਾਸ਼ਟਰਪਤੀ ਤੇ ਮੈਨੂੰ ਉਨ੍ਹਾਂ ਦੀ ਲੀਡਰਸ਼ਿਪ, ਇਮਾਨਦਾਰੀ ਤੇ ਅਨੁਭਵ 'ਤੇ ਭਰੋਸਾ ਹੈ। ਕੇਨ ਇੱਕ ਮਜ਼ਬੂਤ ਸਾਂਝੇਦਾਰੀ ਕਾਇਮ ਕਰਨਗੇ ਜੋ ਸਾਡੇ ਦੇਸ਼ ਅਤੇ ਲੋਕਾਂ ਦੇ ਲਈ ਲਾਭਕਾਰੀ ਹੋਵੇਗੀ। ਇਵਾਂਕਾ ਟਰੰਪ ਦੇ ਇਸ ਮਹੀਨੇ ਦੇ ਅੰਤ ਵਿਚ ਹੋਣ ਵਾਲੇ ਭਾਰਤ ਦੌਰੇ ਦੀ ਤਿਆਰੀ ਕਰਨ ਦੇ ਲਈ 62 ਸਾਲਾ ਜਸਟਰ ਦੇ ਛੇਤੀ ਭਾਰਤ ਪਹੁੰਚਣ ਦੀ ਸੰਭਾਵਨਾ ਹੈ। 
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਅਤੇ ਰਾਸ਼ਟਰਪਤੀ ਦੀ ਸੀਨੀਅਰ ਸਲਾਹਕਾਰ ਇਵਾਂਕਾ ਭਾਰਤ ਦੇ ਹੈਦਰਾਬਾਦ ਵਿਚ ਆਯੋਜਤ ਸੰਮੇਲਨ ਵਿਚ ਹਿੱਸਾ ਲੈਣ ਵਾਲੇ ਅਮਰੀਕੀ ਅਧਿਕਾਰੀਆਂ ਅਤੇ ਕਾਰੋਬਾਰੀਆਂ ਦੇ ਇੱਕ ਉਚ ਪੱਧਰੀ ਵਫ਼ਦ ਦੀ ਅਗਵਾਈ ਕਰੇਗੀ। ਜਸਟਰ ਭਾਰਤ ਵਿਚ ਸੀਨੀਅਰ ਅਮਰੀਕੀ ਰਾਜਦੂਤ ਭਾਰਤੀ-ਅਮਰੀਕੀ ਰਿਚਰਡ ਵਰਮਾ ਦੀ ਜਗ੍ਹਾ ਲੈਣਗੇ।  ਟਰੰਪ ਵਲੋਂ 20 ਜਨਵਰੀ ਨੂੰ 45ਵੇਂ ਰਾਸ਼ਟਰਪਤੀ ਦਾ ਕਾਰਜਭਾਰ ਸੰਭਾਲਣ ਤੋਂ ਬਾਅਦ ਰਿਚਰਡ ਨੇ ਅਸਤੀਫ਼ਾ ਦੇ ਦਿੱਤਾ ਸੀ। ਤਦ ਤੋਂ ਇਹ ਅਹੁਦਾ ਖਾਲੀ ਹੈ। ਜਸਟਰ 1992-93 ਦੇ ਵਿਚ ਵਿਦੇਸ਼ ਮੰਤਰਾਲੇ ਵਿਚ ਕਾਰਜਵਾਹਕ ਵਣਜ ਦੂਤ ਰਹੇ ਹਨ। 1989-1992 ਤੱਕ ਵਿਦੇਸ਼ ਉਪ ਸਕੱਤਰ ਦੇ ਡਿਪਟੀ ਤੇ ਸੀਨੀਅਰ ਸਲਾਹਕਾਰ ਦੇ ਤੌਰ 'ਤੇ ਵੀ ਅਪਣੀ ਸੇਵਾਵਾਂ ਦੇ ਚੁੱਕੇ ਹਨ। ਜਸਟਰ ਦੇ ਕੋਲ ਹਾਵਰਡ ਲਾ ਸਕੂਲ ਤੋਂ ਕਾਨੂੰਨ ਦੀ ਡਿਗਰੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਹਾਵਰਡ ਦੇ ਜੌਨ ਐਫ ਕੈਨੇਡੀ ਸਕੂਲ ਆਫ਼ ਗੌਰਮਿੰਟ ਤੋਂ ਪਬਲਿਕ  ਪਾਲਿਸੀ ਵਿਚ ਮਾਸਟਰਸ ਕੀਤਾ ਹੈ। ਹਾਵਰਡ ਕਾਲਜ ਦੀ ਬੈਚਲਰ ਡਿਗਰੀ ਇਨ ਗੌਰਮਿੰਟ ਵੀ ਉਨ੍ਹਾਂ ਦੇ ਕੋਲ ਹੈ।

ਹੋਰ ਖਬਰਾਂ »