ਸੀਰੀਆ : ਰੂਸੀ ਹਮਲਿਆਂ 'ਚ ਘੱਟੋ-ਘੱਟ 50 ਹਲਾਕ

ਬੇਰੂਤ : 14 ਨਵੰਬਰ : (ਪੱਤਰ ਪ੍ਰੇਰਕ) : ਸੀਰੀਆ 'ਚ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨੂੰ ਖਦੇੜਨ ਲਈ ਰੂਸੀ ਮੁਹਿੰਮ ਜਾਰੀ ਹੈ। ਪੂਰਬੀ ਸੀਰੀਆ 'ਚ ਬੇਘਰ ਲੋਕਾਂ ਲਈ ਬਣਾਏ ਦੋ ਕੈਂਪਾਂ ਤੇ ਇਸ ਦੇ ਨੇੜਲੇ ਇਲਾਕੇ 'ਚ ਗੋਲੀਬਾਰੀ ਤੇ ਰੂਸੀ ਬੰਬਾਰੀ ਨਾਲ ਦਰਜਨਾਂ ਨਾਗਰਿਕਾਂ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ।ਜਾਣਕਾਰੀ ਅਨੁਸਾਰ ਸੀਰੀਅਨ ਅਬਜ਼ਰਵੇਟਰੀ ਫਾਰ ਹਿਊਮਨ ਰਾਇਟਸ ਨੇ ਕਿਹਾ ਕਿ ਪਿਛਲੇ ਸ਼ੁੱਕਰਵਾਰ ਦੀ ਰਾਤ ਨੂੰ ਦੀਰ Âਜ਼ੋਰ ਸੂਬੇ 'ਚ ਜਾਰੀ ਬੰਬਾਰੀ 'ਚ 50 ਤੋਂ ਵਧ ਲੋਕ ਮਾਰੇ ਗਏ ਹਨ, ਜਿਸ 'ਚ 20 ਬੱਚੇ ਸ਼ਾਮਲ ਹਨ। ਉਨਾਂ ਦੱਸਿਆ ਕਿ ਬਰਤਾਨੀਆ ਸਥਿਤ ਨਿਗਰਾਨੀ ਸੰਸਥਾ ਵੱਲੋਂ ਸ਼ਨੀਵਾਰ ਨੂੰ ਮ੍ਰਿਤਕਾਂ ਦਾ ਅੰਕੜਾ 26 ਦੱਸਿਆ ਗਿਆ ਸੀ, ਜਦੋਂ ਕਿ ਅੱਜ ਦੇ ਅੰਕੜੇ ਦੀ ਤੁਲਨਾ 'ਚ ਲਗਭਗ ਅੱਧਾ ਹੈ।
ਦੱਸ ਦੀਏ ਕਿ ਇਹ ਬੰਬਾਰੀ ਫਰਾਤ ਨਦੀ ਦੇ ਨੇੜਲੇ ਇਲਾਕੇ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ। ਇਸ ਦੇ ਨਾਲ ਹੀ ਸੀਰੀਆ ਦੇ ਸਰਹੱਦੀ ਸ਼ਹਿਰ ਅਲਬੂ ਕਮਾਲ ਤੇ ਨੇੜਲੇ ਪਿੰਡ ਤੇ ਕੈਂਪਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਗੌਰਤਲਬ ਹੈ ਕਿ ਅਲਬੂ ਕਮਾਲ ਆਖ਼ਰੀ ਮਹੱਤਵਪੂਰਨ ਸੀਰੀਆਈ ਸ਼ਹਿਰ ਹੈ, ਜਿਹੜਾ ਇਸ ਸਮੇਂ ਅੱਤਵਾਦੀ ਸੰਗਠਨ ਆਈਐਸ ਦੀ ਜਕੜ 'ਚ ਹੈ। ਜੇਕਰ ਆਈਐਸ ਤੋਂ ਇਹ ਸ਼ਹਿਰ ਛੁਡਾ ਲਿਆ ਜਾਂਦਾ ਹੈ ਤਾਂ ਇਸ ਜਥੇਬੰਦੀ ਨੂੰ ਫ਼ਿਰ ਤੋਂ ਅੰਡਰਗਰਾਊਂਡ ਹੋਣਾ ਪਵੇਗਾ। ਦੱਸ ਦੀਏ ਕਿ ਸੀਰੀਆ ਦੇ ਵਿਵਾਦ 'ਚ ਅਰਾਜਕਤਾ 'ਚ ਵਾਧਾ 2011 'ਚ ਰਾਸ਼ਟਰਪਤੀ ਬਸ਼ਰ ਅਲ ਅਸਦ ਖਿਲਾਫ਼ ਵਿਰੋਧ ਪ੍ਰਦਰਸ਼ਨ ਕਾਰਨ ਵਧਿਆ ਸੀ। ਇਸ ਤੋਂ ਬਾਅਦ ਇਹ ਇੱਕ ਗੁੰਝਲਦਾਰ ਯੁੱਧ 'ਚ ਬਦਲ ਗਿਆ, ਜਿਸ 'ਚ ਹੁਣ ਤੱਕ 3 ਲੱਖ 30 ਹਜ਼ਾਰ ਤੋਂ ਵਧ ਲੋਕਾਂ ਦੀ ਮੌਤ ਹੋ ਗਈ। ਦੂਜੇ ਪਾਸੇ ਲੱਖਾਂ ਲੋਕਾਂ ਨੂੰ ਦੂਜੇ ਸ਼ਹਿਰਾਂ 'ਚ ਜਾਣ ਲਈ ਮਜਬੂਰ ਹੋਣਾ ਪਿਆ ਹੈ ਅਤੇ ਸ਼ਹਿਰ ਖੰਡਰ 'ਚ ਤਬਦੀਲ ਹੋ ਗਿਆ ਹੈ।

ਹੋਰ ਖਬਰਾਂ »