ਰਾਮ ਰਹੀਮ ਨੂੰ ਵੀਆਈਪੀ ਟਰੀਟਮੈਂਟ ਦੇਣ ਦੇ ਦੋਸ਼ 'ਚ ਹਰਿਆਣਾ ਸਰਕਾਰ ਦੇ ਮੰਤਰੀ ਨੇ ਦਿੱਤੀ ਸਫ਼ਾਈ

ਚੰਡੀਗੜ : 14 ਨਵੰਬਰ : (ਪੱਤਰ ਪ੍ਰੇਰਕ) : ਚੰਡੀਗੜ ਦੀ ਸੁਨਾਰੀਆ ਜੇਲ ਤੋਂ ਬਾਹਰ ਆਏ ਇੱਕ ਕੈਦੀ ਵੱਲੋਂ ਹਰਿਆਣਾ ਸਰਕਾਰ 'ਤੇ ਰਾਮ ਰਹੀਮ ਨੂੰ ਵੀਆਈਪੀ ਟਰੀਟਮੈਂਟ ਦੇਣ ਦੇ ਦੋਸ਼ ਲਾਉਣ ਤੋਂ ਬਾਅਦ ਹੁਣ ਸਰਕਾਰ ਨੂੰ ਇਸ ਮਾਮਲੇ 'ਤੇ ਸਫ਼ਾਈ ਦੇਣੀ ਪੈ ਰਹੀ ਹੈ। ਇਸ ਦੋਸ਼ ਤੋਂ ਬਾਅਦ ਰਾਜ ਸਰਕਾਰ ਦੇ ਮੰਤਰੀ ਕ੍ਰਿਸ਼ਨ ਲਾਲ ਪੰਵਾਰ ਨੇ ਬਿਆਨ ਦਿੰਦਿਆਂ ਕਿਹਾ ਕਿ ਸੁਨਾਰੀਆ ਜੇਲ 'ਚ ਸਾਰੇ ਕੰਮ ਜੇਲ ਮੈਨੂਅਲ ਅਨੁਸਾਰ ਹੀ ਕੀਤੇ ਜਾ ਰਹੇ ਹਨ। ਦਰਅਸਲ ਸੁਨਾਰੀਆ ਜੇਲ 'ਚ ਬੰਦ ਕੈਦੀ ਰਾਹੁਲ ਜੈਨ ਨੇ ਜੇਲ ਤੋਂ ਬਾਹਰ ਆਉਣ ਬਾਅਦ ਦੋਸ਼ ਲਾਇਆ ਸੀ ਕਿ ਹਰਿਆਣਾ ਸਰਕਾਰ ਵੱਲੋਂ ਜੇਲ 'ਚ ਰਾਮ ਰਹੀਮ ਨੂੰ ਵੀਆਈਪੀ ਟਰੀਟਮੈਂਟ ਦਿੱਤਾ ਜਾ ਰਿਹਾ ਹੈ। ਰਾਹੁਲ ਨੇ ਦਾਅਵਾ ਕੀਤਾ ਸੀ ਕਿ ਰਾਮ ਰਹੀਮ ਨੂੰ ਪਰਿਵਾਰਕ ਮੈਂਬਰਾਂ ਨਾਲ ਮਿਲਣ ਲਈ ਇੱਕ ਘੰਟੇ ਦਾ ਸਮਾਂ ਦਿੱਤਾ ਗਿਆ ਸੀ। ਜੈਨ ਨੇ ਇਹ ਵੀ ਦੋਸ਼ ਲਾਇਆ ਕਿ ਰਾਮ ਰਹੀਮ ਨੂੰ ਸਰਕਾਰ ਅਤੇ ਉਸ ਦੇ ਪਰਿਵਾਰ ਵੱਲੋਂ ਖ਼ਾਣਾ ਦਿੱਤਾ ਜਾ ਰਿਹਾ ਹੈ। ਇਸ ਦੋਸ਼ 'ਤੇ ਸਫ਼ਾਈ ਦਿੰਦਿਆਂ ਰਾਜ ਸਰਕਾਰ ਦੇ ਜੇਲ ਮੰਤਰੀ ਕ੍ਰਿਸ਼ਨ ਲਾਲ ਪੰਵਾਰ ਨੇ ਕਿਹਾ ਕਿ ਰਾਮ ਰਹੀਮ ਦੇ ਪਰਿਵਾਰ ਨੇ ਉਨਾਂ ਨਾਲ ਸਿਰਫ਼ 8 ਮਿੰਟ ਹੀ ਮੁਲਾਕਾਤ ਕੀਤੀ ਹੈ, ਜਦਕਿ ਪਰਿਵਾਰ ਦੇ ਸਮਾਨ ਦੀ ਜਾਂਚ 'ਚ ਕੁਲ 3 ਮਿੰਟ ਦਾ ਸਮਾਂ ਲੱਗਿਆ ਹੈ। ਇਸ ਦੇ ਨਾਲ ਹੀ ਮੰਤਰੀ ਨੇ ਕਿਹਾ ਕਿ ਜੇਲ ਮੈਨੂਅਲ ਮੁਤਾਬਕ ਜਿਹੜਾ ਖ਼ਾਣਾ ਹੋਰ ਕੈਦੀਆਂ ਨੂੰ ਮਿਲਦਾ ਹੈ, ਉਹੀ ਰਾਮ ਰਹੀਮ ਨੂੰ ਵੀ ਦਿੱਤਾ ਜਾਂਦਾ ਹੈ। ਮੰਤਰੀ ਨੇ ਕਿਹਾ ਕਿ ਰਾਮ ਰਹੀਮ ਦੇ ਪਰਿਵਾਰ ਦੀ ਨਿਯਮਾਂ ਅਨੁਸਾਰ ਸਿਰਫ਼ ਇੱਕ ਬਾਰ ਹੀ ਉਨਾਂ ਨਾਲ ਮਿਲਣ ਦੀ ਆਗਿਆ ਦਿੱਤੀ ਜਾਂਦੀ ਹੈ।

ਹੋਰ ਖਬਰਾਂ »

ਚੰਡੀਗੜ