ਹੈਲੀਫੈਕਸ (ਅਮਰੀਕਾ), 19 ਨਵੰਬਰ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਦੀ ਰਣਨੀਤਕ ਕਮਾਂਡ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਜੇਕਰ ਰਾਸ਼ਟਰਪਤੀ ਡੋਨਲਡ ਟਰੰਪ ਜਾਂ ਉਨ੍ਹਾਂ ਤੋਂ ਮਗਰੋਂ ਆਉਣ ਵਾਲਾ ਕੋਈ ਵੀ ਰਾਸ਼ਟਰਪਤੀ ਜੇ ਕਦੇ ਪ੍ਰਮਾਣੂ ਹਥਿਆਰ ਚਲਾਉਣ ਦਾ ਹੁਕਮ ਦਿੰਦਾ ਹੈ ਤਾਂ ਉਸ ਹੁਕਮ ਨੂੰ ਠੁਕਰਾਇਆ ਜਾ ਸਕਦਾ ਹੈ। ਏਅਰ ਫੋਰਸ ਜਨਰਲ ਅਤੇ ਰਣਨੀਤਕ ਕਮਾਂਡ ਦੇ ਕਮਾਂਡਰ ਜੌਨ ਹਿਟਨ ਨੇ ਹੈਲੀਫੈਕਸ ਇੰਟਰਨੈਸ਼ਨਲ ਸਿਕਿਉਰਿਟੀ ਫੋਰਮ ਵਿੱਚ ਕਿਹਾ ਕਿ ਜੇਕਰ ਪ੍ਰਮਾਣੂ ਹਮਲਾ ਕਰਨ ਦਾ ਹੁਕਮ ਨਾਜਾਇਜ ਸਾਬਤ ਹੁੰਦਾ ਹੈ ਤਾਂ ਉਸ ਹੁਕਮ ਨੂੰ ਮੰਨਣ ਤੋਂ ਮਨਾ ਕਰ ਦੇਣਗੇ ਅਤੇ ਹਮਲੇ ਦੇ ਬਦਲ ਦਾ ਸੁਝਾਅ ਦੇਣਗੇ, ਜੋ ਕਿ ਜਾਇਜ਼ ਹੋਵੇਗਾ। ਉਨ੍ਹਾਂ ਕਿਹਾ ਕਿ ਜੰਗ ਸਮੇਂ ਪ੍ਰਮਾਣੂ ਬੰਬਾਂ ਦਾ ਕੰਟਰੋਲ ਰਣਨੀਤਕ ਕਮਾਂਡ ਦੇ ਹੱਥ ਵਿੱਚ ਹੀ ਰਹੇਗਾ।
ਹਿਟਨ ਦਾ ਇਹ ਬਿਆਨ ਅਮਰੀਕਾ ਅਤੇ ਉੱਤਰ ਕੋਰਿਆ ਦੇ ਵਿਚਕਾਰ ਵਧਦੇ ਤਣਾਅ ਦੇ ਮੱਦੇਨਜ਼ਰ ਕਾਫੀ ਅਹਿਮੀਅਤ ਰੱਖਦਾ ਹੈ। ਉੱਤਰ ਕੋਰੀਆ ਪਹਿਲਾਂ ਹੀ ਅਮਰੀਕਾ ’ਤੇ ਪ੍ਰਮਾਣੂ ਹਮਲੇ ਦੀ ਧਮਕੀ ਦੇ ਚੁੱਕਾ ਹੈ। ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੀ ਕਹਿ ਚੁੱਕੇ ਹਨ ਕਿ ਜੇਕਰ ਅਮਰੀਕਾ ਜਾਂ ਉਸ ਦੇ ਕਿਸੇ ਵੀ ਸਹਿਯੋਗੀ ਨੂੰ ਨੁਕਸਾਨ ਪਹੁੰਚਾਉਣ ਦਾ ਯਤਨ ਹੋਇਆ ਤਾਂ ਉਹ ਉੱਤਰ ਕੋਰੀਆ ਨੂੰ ਤਬਾਹ ਕਰ ਦੇਣਗੇ।  

ਹੋਰ ਖਬਰਾਂ »