ਬੀਜਿੰਗ : 20 ਨਵੰਬਰ : (ਪੱਤਰ ਪ੍ਰੇਰਕ) : ਚੀਨ ਸਾਲ 2018 'ਚ ਅਗਲੀ ਪੀੜ੍ਹੀ ਦੀ ਲੰਬੀ ਦੂਰੀ ਤੱਕ ਮਾਰ ਕਰਨ ਵਾਲੀ ਆਧੁਨਿਕ ਮਿਸਾਇਲ ਨੂੰ ਆਪਣੀ ਫੌਜ 'ਚ ਸ਼ਾਮਲ ਕਰਨ ਜਾ ਰਿਹਾ ਹੈ। ਇਹ ਮਿਸਾਇਲ ਮੈਕ 10 (ਕਰੀਬ 12 ਹਜ਼ਾਰ ਕਿਲੋਮੀਟਰ ਪ੍ਰਤੀ ਘੰਟਾ) ਦੀ ਰਫ਼ਤਾਰ ਨਾਲ 12,000 ਕਿਲੋਮੀਟਰ ਦੀ ਦੂਰੀ ਤੱਕ ਮਾਰ ਕਰਨ 'ਚ ਸਮਰੱਥ ਹੋਵੇਗੀ। ਡੋਂਗਫੋਂਗ-10 ਨਾਮੀਂ ਇਹ ਮਿਸਾਇਲ ਇਕੱਠਿਆਂ 10 ਪ੍ਰਮਾਣੂ ਬੰਬ ਲਿਜਾਉਣ ਦੇ ਸਮਰੱਥ ਹੋਵੇਗੀ, ਜਿਹੜੇ ਵੱਖ-ਵੱਖ ਟਿਕਾਣਿਆਂ 'ਤੇ ਸੁੱਟੇ ਜਾ ਸਕਣਗੇ। ਚੀਨ ਦੇ ਸਰਕਾਰੀ ਅਖ਼ਬਾਰ ਗਲੋਬਲ ਟਾਇਮਜ਼ 'ਚ ਪ੍ਰਕਾਸ਼ਿਤ ਖ਼ਬਰ ਮੁਤਾਬਕ 2012 'ਚ ਮਿਸਾਇਲ ਬਣਾਉਣ ਦੇ ਐਲਾਨ ਤੋਂ ਹੁਣ ਤੱਕ ਉਸ ਦੇ ਅੱਠ ਪ੍ਰੀਖ਼ਣ ਹੋ ਚੁੱਕੇ ਹਨ, ਜਿਨ੍ਹਾਂ 'ਚ ਜ਼ਿਆਦਾਤਰ ਪ੍ਰੀਖ਼ਣ ਸਫ਼ਲ ਰਹੇ ਹਨ। ਇਸ ਲਈ ਹੁਣ ਇਸ ਨੂੰ 2018 ਦੇ ਮੱਧ ਤੱਕ ਪੀਪਲਜ਼ ਲਿਬਰੇਸ਼ਨ ਆਰਮੀ 'ਚ ਸ਼ਾਮਲ ਕੀਤੇ ਜਾਣ ਦੀ ਸੰਭਾਵਨਾ ਬਣ ਗਈ ਹੈ। ਅਖ਼ਬਾਰ ਨੇ ਇਹ ਗੱਲ ਹਥਿਆਰਾਂ ਦੇ ਮਾਮਲੇ 'ਚ ਫੌਜ ਦੇ ਸਲਾਹਕਾਰ ਸ਼ੂ ਗੁਆਂਗਯੂ ਦੇ ਹਵਾਲੇ ਨਾਲ ਕਹੀ।
ਡੋਂਗਫੋਂਗ-41 ਮਿਸਾਇਲ ਤਿੰਨ ਪੱਧਰੀ ਠੋਸ ਈਂਧਣ 'ਤੇ ਅਧਾਰਤ ਹੈ। ਇਹ ਚੀਨ ਦੀ ਧਰਤੀ ਤੋਂ ਦੁਨੀਆ ਦੇ ਕਿਸੇ ਵੀ ਦੇਸ਼ ਨੂੰ ਨਿਸ਼ਾਨਾ ਬਣਾ ਸਕੇਗੀ। ਸਾਊਥ ਚਾਇਨਾ ਮਾਰਨਿੰਗ ਅਖ਼ਬਾਰ ਮੁਤਾਬਕ ਚੀਨ ਨੇ ਨਵੰਬਰ ਦੀ ਸ਼ੁਰੂਆਤ 'ਚ ਇਸ ਨਵੀਂ ਬੈਲਿਸਟਿਕ ਮਿਸਾਇਲ ਦਾ ਪ੍ਰੀਖ਼ਣ ਕਰ ਲਿਆ ਹੈ, ਪਰ ਇਸ ਸਬੰਧੀ ਜਾਣਕਾਰੀ ਜਨਤਕ ਨਹੀਂ ਕੀਤੀ। ਅਮਰੀਕੀ ਸੈਟੇਲਾਇਟ ਟੈਕਿੰਗ ਸਿਸਟਮ ਨੇ ਅਪ੍ਰੈਲ 2016 'ਚ ਮਿਸਾਇਲ ਦੇ ਸੱਤਵੇਂ ਪ੍ਰੀਖ਼ਣ ਦੇ ਸਬੂਤ ਫੜੇ ਸਨ ਅਤੇ ਜਾਣਕਾਰੀ ਜਨਤਕ ਕੀਤੀ ਸੀ।ਜਦਕਿ ਫੀਨਿਕਸ ਟੀਵੀ ਦੇ ਟਿੱਪਣੀਕਾਰ ਤੇ ਚੀਨੀ ਫੌਜ ਦੇ ਤੋਪਖ਼ਾਨਾ ਦਸਤੇ 'ਚ ਰਹੇ ਸੋਂਗ ਜੋਂਗਪਿੰਗ ਦਾ ਦਾਅਵਾ ਹੈ ਕਿ ਡੋਂਗਫੋਂਗ-41 ਨੂੰ ਚੀਨੀ ਫੌਜ 'ਚ ਸ਼ਾਮਲ ਕੀਤਾ ਜਾ ਚੁੱਕਿਆ ਹੈ, ਇਸ ਦੀ ਗੁਣਵੱਤਾ ਵਧਾਉਣ ਲਈ ਤਾਜ਼ਾ ਪ੍ਰੀਖ਼ਣ ਕੀਤੇ ਜਾ ਰਹੇ ਹਨ।ਰੂਸੀ ਰੱਖਿਆ ਮਾਹਿਰਾਂ ਦਾ ਮੰਨਣਾ ਹੈ ਕਿ ਨਵੀਂ ਮਿਸਾਇਲ ਦਾ ਨਿਸ਼ਾਨਾ ਮੁਖ ਰੂਪ 'ਚ ਅਮਰੀਕੀ ਸ਼ਹਿਰ ਤੇ ਯੂਰਪ ਹਨ। ਇਹ ਚੀਨ ਦੀ ਵੱਡੀ ਪ੍ਰਤੀਰੋਧਕ ਸਮਰੱਥਾ ਵਧੇਗੀ। ਇਸ ਦੇ ਰਾਹੀਂ ਚੀਨ ਅਮਰੀਕਾ 'ਤੇ ਰਣਨੀਤਿਕ ਦਬਾਅ ਬਣਾਉਣ 'ਚ ਕਾਮਯਾਬ ਹੋਵੇਗਾ।

ਹੋਰ ਖਬਰਾਂ »