ਚੰਡੀਗੜ੍ਹ : 22 ਨਵੰਬਰ : (ਪੱਤਰ ਪ੍ਰੇਰਕ) : ਹਰਿਆਣਾ 'ਚ ਸਥਾਨਕ ਨਗਰ ਨਿਗਮ ਵਿਭਾਗ ਦੀਆਂ ਦੁਕਾਨਾਂ ਤੇ ਮਕਾਨਾਂ 'ਚ 20 ਸਾਲ ਤੋਂ ਜ਼ਿਆਦਾ ਕਿਰਾਏ 'ਤੇ ਰਹਿ ਰਹੇ ਲੋਕਾਂ ਨੂੰ ਉਸ ਦਾ ਮਾਲਕਾਨਾ ਹੱਕ ਮਿਲੇਗਾ। ਇਸ ਸਬੰਧੀ ਫੈਸਲਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਪ੍ਰਧਾਨਗੀ 'ਚ ਹੋਈ ਬੈਠਕ 'ਚ ਕੀਤਾ ਗਿਆ। ਇਸ ਦੇ ਨਾਲ ਹੀ ਕੈਬਨਿਟ ਨੇ ਕਈ ਹੋਰ ਮਹੱਤਵਪੂਰਨ ਫੈਸਲੇ ਵੀ ਲਏ। ਕੈਬਨਿਟ ਦੀ ਬੈਠਕ ਤੋਂ ਬਾਅਦ ਮੁੱਖ ਮੰਤਰੀ ਮਨੋਹਰ ਲਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਥਾਨਕ ਨਗਰ ਨਿਗਮ ਵਿਭਾਗ ਤਹਿਤ 20 ਸਾਲ ਤੋਂ ਜ਼ਿਆਦਾ ਕਿਰਾਏ 'ਤੇ ਰਹਿ ਰਹੇ ਲੋਕਾਂ ਨੂੰ ਮਾਲਕਾਨਾ ਹੱਦ ਦੇਣ ਦਾ ਕੈਬਨਿਟ ਨੇ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ 'ਚ ਨਗਰ ਨਿਗਮ ਦੀਆਂ ਦੁਕਾਨਾਂ ਤੇ ਮਕਾਨਾਂ 'ਤੇ ਪਿਛਲੇ 20 ਸਾਲ ਤੋਂ ਰਹਿ ਰਹੇ ਲੋਕਾਂ ਨੂੰ ਇਸ ਨਾਲ ਲਾਭ ਹੋਵੇਗਾ। ਮਨੋਹਰ ਲਾਲ ਨੇ ਕਿਹਾ ਕਿ 1971 'ਚ ਸ਼ਹੀਦ ਹੋਏ ਫੌਜੀਆਂ ਦੇ ਪਰਿਵਾਰ ਦੇ ਦੋ ਮੈਂਬਰਾਂ ਨੂੰ ਨੌਕਰੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਰਾਜ 'ਚ ਭਰਤੀ 'ਚ ਗੜਬੜੀ ਰੋਕਣ ਲਈ ਕਈ ਕਦਮ ਉਠਾਏ ਗਏ ਹਨ। ਕੈਬਨਿਟ ਨੇ ਰਾਜ 'ਚ ਗਰੁੱਪ ਸੀ ਤੇ ਡੀ ਦੀ ਨੌਕਰੀਆਂ ਲਈ ਇੰਟਰਵਿਊ ਖ਼ਤਮ ਕਰਨ ਦਾ ਫੈਸਲਾ ਵੀ ਲਿਆ। ਹਾਲੇ ਭਰਤੀ ਲਈ 90 ਅੰਕ ਲਿਖ਼ਤੀ ਪ੍ਰੀਖਿਆ ਦੇ ਹਨ। 10 ਨੰਬਰ ਲਈ ਚਾਰ ਸ਼੍ਰੇਣੀਆਂ ਬਣਾਈਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਇਨ੍ਹਾਂ ਚਾਰ ਸ਼੍ਰੇਣੀਆਂ ਤਹਿਤ ਕਿਸੇ ਵੀ ਪਰਿਵਾਰ ਤੋਂ ਕੋਈ ਮੈਂਬਰ ਸਰਕਾਰੀ ਨੌਕਰੀ ਨਾ ਹੋਣ 'ਤੇ ਉਸ ਪਰਿਵਾਰ ਦੇ ਮੈਂਬਰ ਨੂੰ 5 ਅੰਕ ਮਿਲਣਗੇ। ਇਸੇ ਤਰ੍ਹਾਂ ਵਿਧਵਾ ਅਤੇ ਪਿਤਾ ਦੇ ਨਾ ਹੋਣ 'ਤੇ ਲਾਭ ਮਿਲੇਗਾ। ਇਸ ਦੇ ਨਾਲ ਹੀ ਕੱਚੇ ਮੁਲਾਜ਼ਮਾਂ ਨੂੰ ਤਜ਼ਰਬੇ ਦਾ ਲਾਭ ਮਿਲੇਗਾ, ਇਸ ਦੇ ਨਾਲ ਹੀ ਘੁਮੰਤੁ ਜਾਤੀ ਦੇ ਪਛੜੇ ਲੋਕਾਂ ਨੂੰ ਵੀ 5 ਅੰਕ ਦਾ ਲਾਭ ਮਿਲੇਗਾ। ਮੁੱਖ ਮੰਤਰੀ ਨੇ ਦੱਸਿਆ ਕਿ ਮੀਡੀਆ ਕਰਮੀਆਂ ਦੀ ਪੈਨਸ਼ਨ ਦੀ ਯੋਜਨਾ ਨੂੰ ਵੀ ਕੈਬਨਿਟ ਨੇ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ 1957 'ਚ ਹਿੰਦੀ ਅੰਦੋਲਨ 'ਚ ਭਾਗ ਲੈਣ ਵਾਲਿਆਂ ਨੂੰ 10 ਹਜ਼ਾਰ ਪੈਨਸ਼ਨ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਹਿੰਦੀ ਅੰਦੋਲਨ 'ਚ ਵੇਦ ਪ੍ਰਤਾਪ ਵੈਦਿਕ ਦਾ ਵੀ ਨਾਂ ਉਨ੍ਹਾਂ ਕੋਲ ਆਇਆ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਕੇਸ ਕਲਾ ਤੇ ਕੌਸ਼ਲ ਵਿਕਾਸ ਬੋਰਡ ਦੇ ਗਠਨ ਨੂੰ ਵੀ ਕੈਬਨਿਟ ਨੇ ਮਨਜ਼ੂਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਚਕੂਲਾ ਦੇ ਚੰਡੀ ਮੰਦਿਰ ਨੂੰ ਰਾਜ ਸਰਕਾਰ ਨੇ ਟੈਕ ਓਵਰ ਕਰਕੇ ਮਨਸ਼ਾ ਦੇਵੀ ਬੋਰਡ ਨਾਲ ਮਿਲਾ ਦਿੱਤਾ ਹੈ। ਇਸ ਦੇ ਨਾਲ ਹੀ ਸਰਕਾਰ ਹਿਸਾਰ ਦੇ ਬਨਭੌਰੀ ਮੰਦਿਰ ਲਈ ਵੀ ਬੋਰਡ ਬਣਾਏਗੀ। ਮੁੱਖ ਮੰਤਰੀ ਨੇ ਕਿਹਾ ਕਿ ਖਾਦ ਸੁਰੱਖਿਆ ਨਿਯਮ ਤੇ ਡਿਸਟ੍ਰਿਕ ਮਿਨਰਲ ਨਿਯਮ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਰਾਜਸਥਾਨ ਬਾਰਡਰ ਨਾਰਨੌਲ ਤੱਕ ਟੋਲ ਪੁਆਇੰਟ 49 ਨੂੰ ਖ਼ਤਮ ਕਰ ਦਿੱਤਾ ਗਿਆ ਹੈ।
ਮੁੱਖ ਮੰਤਰੀ ਨੇ ਬਾਲੀਵੁੱਡ ਫ਼ਿਲਮ 'ਪਦਮਾਵਤੀ' ਨੂੰ ਲੈ ਕੇ ਜਾਰੀ ਵਿਵਾਦ 'ਤੇ ਵੀ ਪ੍ਰਦੇਸ਼ ਸਰਕਾਰ ਦਾ ਰੁਖ਼ ਸਪੱਸ਼ਟ ਕੀਤਾ। ਉਨ੍ਹਾਂ ਕਿਹਾ ਕਿ ਫ਼ਿਲਮ ਨੂੰ ਸੈਂਸਰ ਬੋਰਡ ਦੀ ਮਨਜ਼ੂਰੀ ਤੋਂ ਬਾਅਦ ਹੀ ਹਰਿਆਣਾ ਸਰਕਾਰ ਰਾਜ 'ਚ ਇਸ ਫ਼ਿਲਮ ਦੇ ਪ੍ਰਦਰਸ਼ਨ ਬਾਰੇ ਕੋਈ ਫੈਸਲਾ ਲਵੇਗੀ। ਉਨ੍ਹਾਂ ਕਿਹਾ ਕਿ ਕਿਸੇ ਦੀ ਵੀ ਭਾਵਨਾ ਨੂੰ ਠੇਸ ਨਹੀਂ ਪਹੁੰਚਾਈ ਜਾਵੇਗੀ। ਮਿਸ ਵਰਲਡ ਮਨੁਸ਼ੀ ਛਿਲਰ ਦੇ ਸਨਮਾਨ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਬਿਆਨ 'ਤੇ ਵੀ ਮੁੱਖ ਮੰਤਰੀ ਨੇ ਮੋੜਵਾਂ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਨੇ ਸਨਮਾਨ ਵਜੋਂ ਹਰਿਆਣਾ ਦੇ ਖਿਡਾਰੀਆਂ ਨੂੰ ਪਲਾਟ ਤੇ ਪੈਸਾ ਹੀ ਦਿੱਤਾ ਹੈ। ਮਨੁਸ਼ੀ ਦੇ ਹਰਿਆਣਾ ਆਉਣ 'ਤੇ ਉਨ੍ਹਾਂ ਦਾ ਸਨਮਾਨ ਹੋਵੇਗਾ ਅਤੇ ਇਨ੍ਹਾਂ ਦੀ ਇੱਛਾ ਮੁਤਾਬਕ ਹਰਿਆਣਾ ਸਰਕਾਰ ਫੈਸਲਾ ਲਵੇਗੀ। ਉਨ੍ਹਾਂ ਕਿਹਾ ਕਿ ਮੈਂ ਮਨੁਸੀ ਨੂੰ ਸਲਾਮ ਕਰਦਾ ਹਾਂ, ਜਿਸ ਨੇ ਹਰਿਆਣੇ ਦਾ ਨਾਂ ਚਮਕਾਇਆ। ਮੁੱਖ ਮੰਤਰੀ ਨੇ ਟੈਕਸ 'ਚ ਲਗਜ਼ਰੀ ਬੱਸਾਂ ਨੂੰ ਵੀ ਰਾਹਤ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਕੈਬਨਿਟ ਦੀ ਬੈਠਕ 'ਚ ਫੈਸਲਾ ਕੀਤਾ ਗਿਆ ਕਿ ਲਗਜ਼ਰੀ ਬੱਸਾਂ ਨੂੰ ਰਾਹਤ ਦੇਣ ਦਾ ਫੈਸਲਾ ਕੀਤਾ ਜਾਵੇ। ਹੁਣ ਇਨ੍ਹਾਂ ਬੱਸਾਂ ਲਈ ਟੈਕਸ ਦੇ ਰੂਪ 'ਚ 60 ਹਜ਼ਾਰ ਕਰ ਜਮ੍ਹਾਂ ਕਰਵਾਉਣਾ ਹੋਵੇਗਾ। ਇਸ ਦੇ ਨਾਲ ਹੀ ਮਹੀਨੇ 'ਚ 20 ਦਿਨਾਂ ਲਈ ਟੈਕਸ ਦੇਣਾ ਹੋਵੇਗਾ।

ਹੋਰ ਖਬਰਾਂ »

ਹਮਦਰਦ ਟੀ.ਵੀ.