ਵਾਸ਼ਿੰਗਟਨ, 29  ਨਵੰਬਰ (ਹ.ਬ.) : ਉਤਰ ਕੋਰੀਆ ਵਲੋਂ ਬੈਲਿਸਟਿਕ ਮਿਜ਼ਾਈਲ ਦੇ ਤਾਜ਼ਾ ਪ੍ਰੀਖਣ ਨੂੰ ਅਮਰੀਕੀ ਰਾਸ਼ਟਰਪਤੀ ਟਰੰਪ ਤੇ  ਰੱਖਿਆ ਮੰਤਰੀ ਜੇਮਸ ਮੈਟਿਸ ਨੇ ਦੁਨੀਆ ਦੇ ਲਈ ਖ਼ਤਰਾ ਦੱਸਿਆ ਹੈ। ਇਸ ਤੋਂ ਪਹਿਲਾਂ ਪੈਂਟਾਗਨ ਨੇ ਦੱਸਿਆ ਕਿ ਜਾਪਾਨ ਸਾਗਰ ਵਿਚ ਡਿੱਗਣ ਤੋਂ ਪਹਿਲਾਂ ਉਤਰ ਕੋਰੀਆਈ ਮਿਜ਼ਾਈਲ ਨੇ ਤਕਰੀਬਨ ਇਕ ਹਜ਼ਾਰ ਕਿਲੋਮੀਟਰ ਦੀ ਦੂਰੀ ਤੈਅ ਕੀਤੀ। ਬੁਧਵਾਰ ਤੜਕੇ ਕੀਤੇ ਗਏ ਪ੍ਰੀਖਣ ਨੂੰ ਲੈ ਕੇ ਕੌਮਾਂਤਰੀ ਚਿੰਤਾਵਾਂ ਵਧ ਗਈਆਂ ਹਨ। ਛੇ ਪਰਮਾਣੂ ਪ੍ਰੀਖਣਾਂ ਤੋਂ ਬਾਅਦ ਉਤਰ ਕੋਰੀਆ ਨੇ ਬੀਤੇ ਸਤੰਬਰ ਵਿਚ ਆਖਰੀ ਵਾਰ ਬੈਲਿਸਟਿਕ ਮਿਜ਼ਾਈਲ ਦਾ ਪ੍ਰੀਖਣ ਕੀਤਾ ਸੀ। ਮਿਜ਼ਾਈਲ ਪ੍ਰੀਖਣ ਦੇ ਬਾਰੇ ਵਿਚ ਰਾਸ਼ਟਰਪਤੀ ਟਰੰਪ ਅਤੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਤੋ ਬਾਅਦ ਰੱਖਿਆ ਮੰਤਰੀ ਜੇਮਸ ਮੈਟਿਸ ਵਾਈਟ ਹਾਊਸ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸੀ। ਉਨ੍ਹਾਂ ਕਿਹਾ ਕਿ ਇਹ ਉਚਾਈ ਤੱਕ ਗਈ। ਸੱਚ ਕਹਾਂ ਤਾਂ ਪਹਿਲਾਂ ਦਾਗੀ ਗਈ ਸਾਰੀ ਮਿਜ਼ਾਈਲਾਂ ਤੋਂ ਜ਼ਿਆਦਾ ਉਚਾਈ 'ਤੇ ਗਈ, ਉਤਰ ਕੋਰੀਆ ਜੋ ਬੈਲਸਿਟਿਕ ਮਿਜ਼ਾਈਲਾਂ ਤਿਆਰ ਕਰ ਰਿਹਾ ਹੈ, ਉਸ ਦਾ ਖ਼ਤਰਾ ਦੁਨੀਆ ਵਿਚ ਹਰ ਜਗ੍ਹਾ ਹੈ।
ਦੱਖਣੀ ਕੋਰੀਆ ਦੀ ਸਮਾਚਾਰ ਏਜੰਸੀ ਯੋਨਹੈਪ ਨੇ ਕਿਹਾ ਕਿ ਮਿਜ਼ਾਈਲ ਪਿਓਂਗਯਾਂਗ ਤੋਂ ਦਾਗੀ ਗਈ। ਜਾਪਾਨੀ ਅਧਿਕਾਰੀਆਂ ਨੇ ਦੱਸਿਆ ਕਿ ਮਿਜ਼ਾਈਲ 50 ਮਿੰਟ ਤੱਕ ਹਵਾ ਵਿਚ ਰਹੀ, ਇਹ ਜਾਪਾਨ ਦੇ ਉਪਰ ਤੋਂ ਲੰਘੀ ਜਿਵੇਂ ਕਿ ਪਹਿਲਾਂ ਕੁਝ ਮਿਜ਼ਾਈਲਾਂ ਜਾਪਾਨ ਦੇ ਉਪਰ ਤੋਂ ਲੰਘੀਆਂ ਸਨ। ਵਾਈਟ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਜਦ ਮਿਜ਼ਾਈਲ ਹਵਾ ਵਿਚ ਸੀ, ਤਦ ਰਾਸ਼ਟਰਪਤੀ ਟਰੰਪ ਨੂੰ ਇਸ ਪ੍ਰੀਖਣ ਬਾਰੇ ਵਿਚ ਦੱਸਿਆ ਗਿਆ, ਇਸ ਮਸਲੇ ਤੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਨੇ ਵੀ ਟਰੰਪ ਨਾਲ ਗੱਲਬਾਤ ਕੀਤੀ ਅਤੇ ਉਤਰੀ ਕੋਰੀਆ ਦੀ ਲਾਪਰਵਾਹੀ ਭਰੀ ਮੁਹਿੰਮ ਦੀ ਕੜੇ ਸ਼ਬਦਾਂ ਵਿਚ ਨਿੰਦਾ ਕੀਤੀ ਗਈ। ਦੋਵੇਂ ਨੇਤਾਵਾਂ ਨੇ ਕਿਹਾ ਕਿ ਉਤਰ ਕੋਰੀਆ ਦਾ ਤਾਜ਼ਾ ਮਿਜ਼ਾਈਲ ਪ੍ਰੀਖਣ ਨਾ ਸਿਰਫ ਅਮਰੀਕਾ ਬਲਕਿ ਪੂਰੀ ਦੁਨੀਆ ਦੇ ਲਈ ਖ਼ਤਰਾ ਹੈ।

ਹੋਰ ਖਬਰਾਂ »