ਚੰਡੀਗੜ੍ਹ : 29 ਨਵੰਬਰ : (ਪੱਤਰ ਪ੍ਰੇਰਕ) : ਫ਼ਿਲਮ ਪਦਮਾਵਤੀ ਦੀ ਅਭਿਨੇਤਰੀ ਦੀਪਿਕਾ ਪਾਦੂਕੋਣ ਤੇ ਨਿਰਦੇਸ਼ਕ ਸੰਜੇ ਭੰਸਾਲੀ ਦਾ ਸਿਰ ਕੱਟਣ ਵਾਲੇ ਨੂੰ 10 ਕਰੋੜ ਰੁਪਏ ਦਾ ਇਨਾਮ ਦੇਣ ਦੀ ਕਥਿਤ ਰੂਪ 'ਚ ਪੇਸ਼ਕਸ਼ ਕਰਨ ਵਾਲੇ ਭਾਜਪਾ ਹਰਿਆਣਾ ਇਕਾਈ ਦੇ ਆਗੂ ਸੂਰਜ ਪਾਲ ਅਮੂ ਨੇ ਪਾਰਟੀ ਦੀ ਰਾਜ ਇਕਾਈ ਦੇ ਮੁਖ ਮੀਡੀਆ ਕੋਆਰਡੀਨੇਟਰ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਦੱਸ ਦੀਏ ਕਿ ਪਾਰਟੀ ਦੀ ਹਰਿਆਣਾ ਇਕਾਈ ਨੇ ਕੁਝ ਦਿਨ ਪਹਿਲਾਂ ਇਸ ਆਗੂ ਦੇ ਵਿਵਾਦਪੂਰਨ ਬਿਆਨ ਨੂੰ ਲੈ ਕੇ ਉਨ੍ਹਾਂ ਤੋਂ ਸਫ਼ਾਈ ਮੰਗਦਿਆਂ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ।
ਅਮੂ ਨੇ ਭਾਜਪਾ ਰਾਜ ਮੁਖੀ ਸੁਭਾਸ਼ ਬਰਾਲਾ ਨੂੰ ਵਾਟਸਅੱਪ 'ਤੇ ਭੇਜੇ ਆਪਣੇ ਅਸਤੀਫ਼ੇ 'ਚ ਕਿਹਾ ਕਿ ਉਹ ਕਰਨੀ ਸੇਨਾ ਦੇ ਪ੍ਰਤੀਨਿਧੀਆਂ ਨਾਲ ਕੱਲ੍ਹ ਬੈਠਕ 'ਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਕਥਿਤ ਰੂਪ 'ਚ ਸ਼ਾਮਲ ਨਾ ਹੋਣ ਕਾਰਨ ਹਤਾਸ਼ ਹਨ। ਹਾਲਾਂਕਿ ਮੁੱਖ ਮੰਤਰੀ ਦੇ ਤੈਅ ਪ੍ਰੋਗਰਾਮ 'ਚ ਇਸ ਪ੍ਰਕਾਰ ਦੀ ਕਿਸੇ ਬੈਠਕ ਦਾ ਜ਼ਿਕਰ ਨਹੀਂ ਸੀ, ਪਰ ਰਾਜਪੂਤ ਆਗੂ ਨੇ ਕਿਹਾ ਕਿ ਉਨ੍ਹਾਂ ਨੂੰ ਬੈਝਕ ਲਈ ਸਮਾਂ ਦਿੱਤਾ ਸੀ। ਰਾਜਪੂਤ ਭਾਈਚਾਰਾ 'ਪਦਮਾਵਤੀ' ਫ਼ਿਲਮ ਦੇ ਵਿਰੋਧ 'ਚ ਪ੍ਰਦਰਸ਼ਨ ਕਰ ਰਿਹਾ ਹੈ। ਇਸ ਭਾਈਚਾਰੇ ਦਾ ਦੋਸ਼ ਹੈ ਕਿ ਇਸ ਫ਼ਿਲਮ 'ਚ ਤੱਥਾਂ ਨਾਲ ਛੇੜਛਾੜ ਕੀਤੀ ਗਈ ਹੈ।ਅਮੂ ਨੇ ਆਪਣੇ ਅਸਤੀਫ਼ੇ 'ਚ ਕਿਹਾ ਕਿ ਉਨ੍ਹਾਂ ਨੇ ਪਿਛਲੇ ਕੁਝ ਸਾਲਾਂ 'ਚ ਪਾਰਟੀ ਲਈ ਪੂਰੀ ਤਨਦੇਹੀ ਨਾਲ ਕੰਮ ਕੀਤਾ । ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਮੁੱਖ ਮੰਤਰੀ ਖੱਟਰ ਨੂੰ ਸਮਰਪਿਤ ਕਾਰਕੁਨਾਂ ਤੇ ਪਾਰਟੀ ਅਧਿਕਾਰੀਆਂ ਨੂੰ ਉਨ੍ਹਾਂ ਦੀ ਜ਼ਰੂਰਤ ਨਹੀਂ ਹੈ। ਖੱਟਰ ਅਜਿਹੇ ਲੋਕਾਂ ਦੀ ਮੰਡਲੀ ਨਾਲ ਘਿਰੇ ਹੋਏ ਹਨ ਜਿਹੜੇ ਉਨ੍ਹਾਂ ਨੂੰ ਪਿਛਲੇ ਤਿੰਨ ਸਾਲਾਂ ਤੋਂ ਸਮਰਪਿਤ ਕਾਰਕੁਨਾਂ ਤੋਂ ਦੂਰ ਖਿੱਚ ਰਹੇ ਹਨ। ਅਮੂ ਨੇ ਕਿਹਾ ਕਿ ਉਹ ਭਵਿੱਖ 'ਚ ਭਾਜਪਾ ਲਈ ਕੰਮ ਕਰਨਾ ਜਾਰੀ ਰੱਖਣਗੇ। 
ਦੱਸਣਾ ਬਣਦਾ ਹੈ ਕਿ ਮੇਰਠ ਦੇ ਇੱਕ ਨੌਜਵਾਨ ਨੇ ਫ਼ਿਲਮ ਪਦਮਾਵਤੀ ਦੀ ਅਭਿਨੇਰੀ 'ਤੇ ਪੰਜ ਕਰੋੜ ਇਨਾਮ ਦਾ ਐਲਾਨ ਕੀਤਾ ਸੀ ਅਤੇ ਅਮੂ ਨੇ ਨਵੀਂ ਦਿੱਲੀ 'ਚ ਇੱਕ ਸਮਾਰੋਹ 'ਚ ਇਸ ਪੇਸ਼ਕਸ਼ ਨੂੰ ਦੁਗਣਾ ਕਰਨ ਦਾ ਬਿਆਨ ਕਥਿਤ ਰੂਪ ਨਾਲ ਦਿੱਤਾ ਸੀ। ਅਮੂ ਨੇ ਕਥਿਤ ਰੂਪ 'ਚ ਕਿਹਾ ਸੀ ਕਿ ਅਸੀਂ ਉਸ ਦਾ ਸਿਰ ਵੱਢਣ ਵਾਲੇ ਨੂੰ 10 ਕਰੋੜ  ਇਨਾਮ ਦੇਵਾਂਗੇ ਅਤੇ ਉਨ੍ਹਾਂ ਦੇ ਪਰਿਵਾਰ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਾਂਗੇ। ਉਨ੍ਹਾਂ ਕਿਹਾ ਸੀ ਕਿ ਅਸੀਂ ਜਾਣਦੇ ਹਾਂ ਕਿ ਰਾਜਪੂਤ ਭਾਈਚਾਰੇ ਦਾ ਅਪਮਾਨ ਕਰਨ ਵਾਲਿਆਂ ਨਾਲ ਕਿਵੇਂ ਵਿਵਹਾਰ ਕੀਤਾ ਜਾਣਾ ਚਾਹੀਦਾ ਹੈ। ਹਰਿਆਣਾ ਭਾਜਪਾ ਨੇ ਇਸ ਬਿਆਨ ਤੋਂ ਤੁਰੰਤ ਕਿਨਾਰਾ ਵੱਟ ਲਿਆ ਸੀ। 
 

ਹੋਰ ਖਬਰਾਂ »

ਚੰਡੀਗੜ