ਸਨਾ, 5 ਦਸੰਬਰ (ਹਮਦਰਦ ਨਿਊਜ਼ ਸਰਵਿਸ) : ਯਮਨ ਦੇ ਸਾਬਕਾ ਰਾਸ਼ਟਰਪਤੀ ਅਲੀ ਅਬਦੁੱਲਾ ਸਾਲੇਹ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਉਸ ਦੇ ਕਤਲ ਪਿੱਛੇ ਹਾਊਤੀ ਵਿਦਰੋਹੀਆਂ ਦਾ ਹੱਥ ਦੱਸਿਆ ਜਾ ਰਿਹਾ ਹੈ। ਸਾਲੇਹ ਦੇ ਕਤਲ ਮਗਰੋਂ ਹਾਉਤੀ ਵਿਦਰੋਹੀਆਂ ਦੇ ਕੈਂਪ ਵਿੱਚ ਜਸ਼ਨ ਮਨਾਏ ਗਏ। ਜਾਣਕਾਰੀ ਮੁਤਾਬਕ ਯਮਨ ਦੇ ਘਰੇਲੂ ਯੁੱਧ ਵਿੱਚ ਸਾਲੇਹ ਪਹਿਲੇ ਤਿੰਨ ਸਾਲ ਹਾਊਤੀ ਵਿਦਰੋਹੀਆਂ ਦਾ ਸਮਰਥਨ ਕਰ ਰਹੇ ਸਨ, ਪਰ ਬਾਅਦ ਵਿੱਚ ਉਨ੍ਹਾਂ ਨੇ ਪਾਲਾ ਬਦਲ ਲਿਆ ਅਤੇ ਸਾਊਦੀ ਅਰਬ ਦੀ ਅਗਵਾਈ ਵਾਲੀਆਂ ਗਠਜੋੜ ਫੌਜਾਂ ਦਾ ਸਮਰਥਨ ਸ਼ੁਰੂ ਕਰ ਦਿੱਤਾ ਸੀ। ਯਮਨ ਵਿੱਚ ਈਰਾਨ ਦਾ ਸਮਰਥਨ ਕਰਨ ਵਾਲੇ ਹਾਊਤੀ ਵਿਦਰੋਹੀ ਜਿੱਥੇ ਆਪਣੀ ਸੱਤਾ ਸਥਾਪਤ ਕਰਨ ਦਾ ਯਤਨ ਕਰ ਰਹੇ ਹਨ, ਉੱਥੇ ਸਾਊਦੀ ਅਰਬ ਦੀ ਅਗਵਾਈ ਵਾਲੀਆਂ ਗਠਜੋੜ ਫੌਜਾਂ ਰਾਸ਼ਟਰਪਤੀ ਅਬਦ ਰੱਬੂ ਮੰਸੂਰ ਹਾਦੀ ਦੀ ਸਰਕਾਰ ਨੂੰ ਸਥਾਪਤ ਕਰਨ ਲਈ ਸੰਘਰਸ਼ ਕਰ ਰਹੀਆਂ ਹਨ। ਯਮਨ ਦੀ ਹਾਦੀ ਦੀ ਸਰਕਾਰ ਨੂੰ ਕੌਮਾਂਤਰੀ ਭਾਈਚਾਰੇ ਤੋਂ ਵੀ ਮਾਨਤਾ ਮਿਲੀ ਹੋਈ ਹੈ।

ਸਾਲੇਹ ਦੀ ਮੌਤ ਨੂੰ ਹਾਊਤੀ ਵਿਦਰੋਹੀਆਂ ਦੇ ਨੇਤਾ ਅਬਦੁਲ ਮਲਿਕ-ਅਲ-ਹਾਊਤੀ ਨੇ ਸਾਊਦੀ ਗਠਜੋੜ ਫੌਜਾਂ ਵਿਰੁੱਧ ਆਪਣੀ ਜਿੱਤ ਦੱਸਿਆ ਹੈ। ਉਸ ਨੇ ਆਪਣੇ ਸਾਥੀਆਂ ਨੂੰ ਇਸ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਇਤਿਹਾਸਕ ਦਿਨ ’ਤੇ ਧੋਖਾਧੜੀ ਦੀ ਇੱਕ ਸਾਜਿਸ਼ ਅਸਫਲ ਕਰ ਦਿੱਤੀ ਗਈ। ਫੌਜਾਂ (ਸਾਊਦੀ ਗਠਜੋੜ ਦੀਆਂ) ਲਈ ਇਹ ਇੱਕ ਕਾਲਾ ਦਿਨ ਹੈ। ਜਾਣਕਾਰੀ ਮੁਤਾਬਕ ਹਾਊਤੀ ਵਿਦੋਰੀਆਂ ਦੇ ਕੈਂਪਾਂ ਵਿੱਚ ਸਾਲੇਹ ਦੀ ਮੌਤ ਦਾ ਜਸ਼ਨ ਵੀ ਮਨਾਇਆ ਜਾ ਰਿਹਾ ਹੈ।  

ਹੋਰ ਖਬਰਾਂ »