ਸਤੰਬਰ ਮਹੀਨੇ ’ਚ 6 ਬਿਲਡਰਾਂ ਵਿਰੁੱਧ ਦਰਜ ਕੀਤੀ ਗਈ ਸੀ ਐਫਆਈਆਰ

ਲਖਨਊ, 5 ਦਸੰਬਰ (ਹਮਦਰਦ ਨਿਊਜ਼ ਸਰਵਿਸ) : ਉੱਤਰ ਪ੍ਰਦੇਸ਼ ਸਰਕਾਰ ਨੇ ਨੋਇਡਾ ਦੇ ਅੱਠ ਬਿਲਡਰਾਂ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਦਿੱਤੇ ਹਨ। ਜਾਣਕਾਰੀ ਮੁਤਾਬਕ ਇਹ ਕਾਰਵਾਈ 5 ਹਜਾਰ ਗਾਹਕਾਂ ਨੂੰ ਉਨ੍ਹਾਂ ਦੇ ਫਲੈਟ ਸਮੇਂ ’ਤੇ ਨਾ ਸੌਂਪਣ ਕਾਰਨ ਕੀਤੀ ਗਈ ਹੈ। ਉਤਰ ਪ੍ਰਦੇਸ਼ ਸਰਕਾਰ ਵੱਲੋਂ ਗਠਿਤ ਮੰਤਰੀਆਂ ਦੀ ਇੱਕ ਤਿੰਨ ਮੈਂਬਰੀ ਕਮੇਟੀ ਨੇ ਗੌਤਮ ਬੁੱਧ ਨਗਰ ਦੇ ਐਸਐਸਪੀ ਲਵ ਕੁਮਾਰ ਨੂੰ ਅੱਠ ਬਿਲਡਰਾਂ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ ਦਿੱਤੇ। ਹਾਲਾਂਕਿ ਨੋਇਡਾ ਦੇ ਅਧਿਕਾਰੀਆਂ ਨੇ ਇਨ੍ਹਾਂ ਬਿਲਡਰਾਂ ਦੇ ਨਾਂ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ। ਇਸੇ ਸਾਲ ਸਤੰਬਰ ਵਿੱਚ ਪੁਲਿਸ ਨੇ ਛੇ ਬਿਲਡਰਾਂ ਵਿਰੁੱਧ 13 ਐਫਆਈਆਰ ਦਰਜ ਕੀਤੀਆਂ ਸਨ। ਇਹ ਹੁਕਮ ਵੀ ਇਸੇ ਤਿੰਨ ਮੈਂਬਰੀ ਕਮੇਟੀ ਦੀ ਅਗਸਤ ਵਿੱਚ ਹੋਈਆਂ ਬੈਠਕਾਂ ਬਾਅਦ ਦਿੱਤੇ ਗਏ ਸਨ। ਜਿਨ੍ਹਾਂ ਕੰਪਨੀਆਂ ਵਿਰੁੱਧ ਸ਼ਿਕਾਇਤ ਕੀਤੀ ਗਈ ਸੀ, ਉਨ੍ਹਾਂ ਵਿੱਚ ਆਮਰਪਾਲੀ, ਸੁਪਰਟੈਕ, ਅਲਪਾਈਨ ਰਿਅਲਟੈਕ, ਪ੍ਰੋਵਿਊ ਗਰੁੱਪ, ਟੂਡੇ ਹੋਮਸ ਅਤੇ ਜੇ ਐਨਸੀ ਕੰਸਟਰੱਕਸ਼ਨਸ ਸ਼ਾਮਲ ਹਨ। ਇਨ੍ਹਾਂ ਬਿਲਡਰਾਂ ’ਤੇ ਆਈਪੀਸੀ ਦੀ ਧਾਰਾ 406 ਅਤੇ 420 ਦੇ ਤਹਿਤ ਮਾਮਲੇ ਦਰਜ ਕੀਤੇ ਗਏ ਸਨ। ਕਮੇਟੀ ਵਿੱਚ ਸ਼ਾਮਲ ਸ਼ਹਿਰੀ ਰਿਹਾਇਸ਼ੀ ਮਾਮਲਿਆਂ ਬਾਰੇ ਮੰਤਰੀ ਸੁਰੇਸ਼ ਖੰਨਾ ਨੇ ਪੁਲਿਸ ਨੂੰ ਹੁਕਮ ਦਿੱਤੇ ਹਨ ਕਿ ਉਨ੍ਹਾਂ ਸਾਰੇ ਬਿਲਡਰਾਂ ’ਤੇ ਕਾਰਵਾਈ ਕੀਤੀ ਜਾਵੇ, ਜਿਨ੍ਹਾਂ ਨੇ ਘਰ ਖਰੀਦਦਾਰਾਂ ਨੂੰ ਮਕਾਨ ਨਹੀਂ ਸੌਂਪੇ ਹਨ ਅਤੇ ਜਿਨ੍ਹਾਂ ਵਿਰੁੱਧ ਐਫਆਈਆਰ ਦਰਜ ਹੈ। ਕਮੇਟੀ ਨੇ ਜੋਰ ਦਿੰਦੇ ਹੋਏ ਕਿਹਾ ਕਿ ਬਿਲਡਰਾਂ ਨੂੰ ਇਸੇ ਸਾਲ 50 ਹਜਾਰ ਫਲੈਟ ਖਰੀਦਾਰਾਂ ਨੂੰ ਦੇਣੇ ਹੋਣਗੇ। ਸੁਰੇਸ਼ ਖੰਨਾ ਤੋਂ ਬਿਨਾ ਸੂਬੇ ਦੇ ਉਦਯੋਗ ਮੰਤਰੀ ਸਤੀਸ਼ ਮਹਾਨਾ ਅਤੇ ਗੰਨਾ ਵਿਕਾਸ ਅਤੇ ਚੀਨੀ ਮਿਲਾਂ ਦੇ ਰਾਜ ਮੰਤਰੀ (ਸੁਤੰਤਰ ਇੰਚਾਰਜ) ਸੁਰੇਸ਼ ਰਾਣਾ ਵੀ ਕਮੇਟੀ ਵਿੱਚ ਸ਼ਾਮਲ ਹਨ।

ਅਧਿਕਾਰੀਆਂ ਮੁਤਾਬਕ ਨੋਇਡਾ, ਗਰੇਟਰ ਨੋਡਾਇਡਾ ਅਤੇ ਯਮੁਨਾ ਐਕਸਪ੍ਰੈਸ-ਵੇ ਇਨ੍ਹਾਂ ਤਿੰਨੇ ਵਿਕਾਸ ਅਥਾਰਟੀਆਂ ਦੀ ਯੋਜਨਾ ਇਸ ਸਾਲ ਤੱਕ 32 ਹਜਾਰ 500 ਫਲੈਟ ਦੇਣ ਦੀ ਹੈ, ਪਰ ਹੁਣ ਕਮੇਟੀ ਨੇ ਬਾਕੀ 17 ਹਜਾਰ 500 ਫਲੈਟ ਵੀ ਦੇਣ ਲਈ ਕਿਹਾ ਹੈ। ਨੋਇਡਾ ਅਥਾਰਟੀ ਨੇ ਕਮੇਟੀ ਨੂੰ ਦੱਸਿਆ ਕਿ ਨੋਇਡਾ ਵਿੱਚ 11 ਹਜਾਰ ਫਲੈਟ ਦਿੱਤੇ ਜਾਣਗੇ। ਅਧਿਕਾਰੀਆਂ ਦੇ ਮੁਤਾਬਕ ਗਰੇਟਰ ਨੋਇਡਾ ਦੇ ਬਿਲਡਰਾਂ ਨੇ 14 ਹਜਾਰ ਅਤੇ ਯਮੂਨਾ ਐਕਸਪ੍ਰੈਸ-ਵੇ ਅਥਾਰਿਟੀ ਨੇ 7525 ਫਲੈਟ ਦੇਣ ਦਾ ਵਾਅਦਾ ਕੀਤਾ ਹੈ। ਇਨ੍ਹਾਂ ਵਿੱਚ 2970 ਮਕਾਨ ਵੀ ਸ਼ਾਮਲ ਹਨ।

ਨੋਇਡਾ ਅਥਾਰਟੀ ਦੇ ਅਧਿਕਾਰੀਆਂ ਮੁਤਾਬਕ ਅਗਸਤ ਤੱਕ ਬਿਲਡਰਾਂ ਨੂੰ 5771 ਫਲੈਟਾਂ ਦੇ ਕੰਪਲੀਸ਼ਨ ਸਰਟੀਫਿਕੇਟ ਦੇ ਦਿੱਤੇ ਗਏ ਸਨ, ਉਥੇ ਹੀ 3791 ਫਲੈਟਾਂ ਨੂੰ ਤੇਜੀ ਨਾਲ ਤਿਆਰ ਕੀਤਾ ਜਾ ਰਿਹਾ ਹੈ ਤਾਂ ਜੋ ਸਾਲ ਤੇ ਅੰਤ ਤੱਕ ਉਨ੍ਹਾਂ ਨੂੰ ਖਰੀਦਦਾਰਾਂ ਦੇ ਹਵਾਲੇ ਕੀਤਾ ਜਾ ਸਕੇ।  

ਹੋਰ ਖਬਰਾਂ »