ਗੁੜਗਾਓਂ ਦੇ ਮਾਨੇਸਰ ਕੈਂਪ ’ਚ ਹੋਈ ਵਾਰਦਾਤ

ਨਵੀਂ ਦਿੱਲੀ, 5 ਦਸੰਬਰ (ਹਮਦਰਦ ਨਿਊਜ਼ ਸਰਵਿਸ) : ਗੁੜਗਾਓਂ ਵਿੱਚ ਇੱਕ ਨੈਸ਼ਨਲ ਸਿਕਿਉਰਿਟੀ ਗਾਰਡ (ਐਨਐਸਜੀ ਕਮਾਂਡੋ) ਨੇ ਪਤਨੀ ਅਤੇ ਸਾਲੀ ਨੂੰ ਗੋਲੀ ਮਾਰਨ ਬਾਅਦ ਖੁਦਕੁਸ਼ੀ ਕਰ ਲਈ। ਘਟਨਾ ਮੰਗਲਵਾਰ ਸਵੇਰੇ ਮਾਨੇਸਰ ਦੇ ਐਨਐਸਜੀ ਕੈਂਪ ਵਿੱਚ ਵਾਪਰੀ। ਦੋਵਾਂ ਔਰਤਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕਰਵਇਆ ਗਿਆ ਹੈ। ਪੁਲਿਸ ਮੁਤਾਬਕ ਕਮਾਂਡੋ ਨੇ ਸਰਵਿਸ ਰਿਵਾਲਵਰ ਨਾਲ ਗੋਲੀਆਂ ਚਲਾਈਆਂ ਸਨ। ਫਿਲਹਾਲ, ਘਟਨਾ ਦੇ ਪਿੱਛੇ ਦਾ ਕਾਰਨ ਅਜੇ ਸਾਫ਼ ਨਹੀਂ ਹੈ।

ਐਸਪੀ ਮਾਨੇਸਰ ਧਰਮਵੀਰ ਸਿੰਘ ਨੇ ਦੱਸਿਆ ਕਿ ਕਮਾਂਡੋ ਜਤਿੰਦਰ ਕੁਮਾਰ ਐਨਐਸਜੀ ਕੈਂਪਸ ਦੇ ਮਕਾਨ ਨੰਬਰ 42 ਵਿੱਚ ਪਰਿਵਾਰ ਨਾਲ ਰਹਿੰਦਾ ਸੀ। ਸਵੇਰੇ ਕਿਸੇ ਗੱਲ ’ਤੇ ਜਤਿੰਦਰ ਨੇ ਸਰਵਿਸ ਰਿਵਾਲਵਰ ਨਾਲ ਪਤਨੀ ਗੁਦਨ ਅਤੇ ਸਾਲੀ ਖੁਸ਼ਬੂ ਨੂੰ ਗੋਲੀ ਮਾਰੀ। ਇਸ ਤੋਂ ਬਾਅਦ ਉਸ ਨੇ ਖੁਦਕੁਸ਼ੀ ਕਰ ਲਈ।  

ਪੁਲਿਸ ਜਦੋਂ ਮੌਕੇ ’ਤੇ ਪੁੱਜੀ ਤਾਂ ਜਤਿੰਦਰ ਦੀ ਮੌਤ ਹੋ ਚੁੱਕੀ ਸੀ। ਪਤਨੀ ਅਤੇ ਸਾਲੀ ਨੂੰ ਰੌਕਲੈਂਡ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਦੀ ਹਾਲਤ ਗੰਭੀਰ ਹੈ। ਫਿਲਹਾਲ, ਘਟਨਾ ਦੇ ਪਿੱਛੇ ਦਾ ਕਾਰਨ ਸਾਫ ਨਹੀਂ ਹੋ ਸਕਿਆ ਹੈ।

ਪੁਲਿਸ ਮੁਤਾਬਕ ਜਤਿੰਦਰ ਮੂਲ ਰੂਪ ਵਿੱਚ ਕਾਨਪੁਰ ਦਾ ਵਾਸੀ ਸੀ। ਉਹ ਬਾਰਡਰ ਸਿਕਿਉਰਿਟੀ ਫੋਰਸ (ਬੀਐਸਐਫ) ਵਿੱਚ ਏਐਸਆਈ ਦੇ ਅਹੁਦੇ ’ਤੇ ਤਾਇਨਾਤ ਸੀ। ਉਹ ਡੈਪਿਊਟੇਸ਼ਨ ’ਤੇ ਐਨਐਸਜੀ ਵਿੱਚ ਆਇਆ ਸੀ।

ਹੋਰ ਖਬਰਾਂ »