ਫਰਜੀ ਆਈਡੀ ਨਾਲ ਹਾਸਲ ਕਰ ਰਹੇ ਨੇ ਭਾਰਤੀ ਨਾਗਰਿਕਤਾ

ਅਸਾਮ, 6 ਦਸੰਬਰ (ਹਮਦਰਦ ਨਿਊਜ਼ ਸਰਵਿਸ) : ਬੰਗਲਾਦੇਸ਼ ਤੇ ਮਿਆਂਮਾਰ ਦੇ ਪ੍ਰਵਾਸੀ ਰੋਹਿੰਗਿਆ ਮੁਸਲਮਾਨ ਭਾਰਤ ਵਿੱਚ ਗੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋ ਰਹੇ ਹਨ। ਇਨ੍ਹਾਂ ਨੂੰ ਭਾਰਤੀ ਸਰਹੱਦ ਵਿੱਚ ਦਾਖ਼ਲ ਕਰਵਾਉਣ ਲਈ ਦਲਾਲਾਂ ਦਾ ਚੰਗਾ-ਖਾਸਾ ਨੈਟਵਰਕ ਬਣਿਆ ਹੋਇਆ ਹੈ, ਜੋ ਕਿ ਫਰਜੀ ਪਛਾਣ-ਪੱਤਰ ਵੀ ਬਣਵਾ ਰਹੇ ਹਨ। ਰੋਹਿੰਗਿਆ ਮੁਸਲਮਾਨਾਂ ਦਾ ਮੁੱਦਾ ਪੂਰੀ ਦੁਨੀਆਂ ਵਿੱਚ ਛਾਇਆ ਹੋਇਆ ਹੈ। ਕੁਝ ਸਮਾਂ ਪਹਿਲਾਂ ਵੀ ਮਿਆਂਮਾਰ ਤੇ ਬੰਗਲਾਦੇਸ਼ ਦੇ ਵਿਚਕਾਰ ਰੋਹਿੰਗਿਆ ਦੀ ਘਰ ਵਾਪਸੀ ਨੂੰ ਲੈ ਕੇ ਸਮਝੌਤਾ ਹੋਇਆ ਸੀ। ਰੋਹਿੰਗਿਆ ਦਾ ਮੁੱਦਾ ਸਿਰਫ ਇਨ੍ਹਾਂ ਦੋ ਮੁਲਕਾਂ ਨੂੰ ਹੀ ਪ੍ਰਭਾਵਿਤ ਨਹੀਂ ਕਰ ਰਿਹਾ ਹੈ, ਸਗੋਂ ਇਸ ਦਾ ਅਸਰ ਗੁਆਂਢੀ ਦੇਸ਼ ਭਾਰਤ ’ਤੇ ਵੀ ਪੈ ਰਿਹਾ ਹੈ। ਖੁਫੀਆ ਰਿਪੋਰਟਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੰਗਲਾਦੇਸ਼ ਤੇ ਮਿਆਂਮਾਰ ਦੇ ਪ੍ਰਵਾਸੀ ਰੋਹਿੰਗਿਆ ਮੁਸਲਮਾਨਾਂ ਨੂੰ ਭਾਰਤੀ ਸਰਹੱਦ ਵਿੱਚ ਦਾਖ਼ਲ ਕਰਵਾਉਣ ਵਾਲੇ ਦਲਾਲਾਂ ਵਿੱਚ ਭਾਰਤ ਵਿੱਚ ਪਹਿਲਾਂ ਵਸੇ ਹੋਏ ਰੋਹਿੰਗਿਆ ਮੁਸਲਿਮ ਵੀ ਸ਼ਾਮਲ ਹਨ।  
ਦੇਸ਼ ਵਿੱਚ ਸਰਗਰਮ ਦਲਾਲਾਂ ਰਾਹੀਂ ਕੋਲਕਾਤਾ ਅਤੇ ਗੁਹਾਟੀ ਜਿਹੇ ਵੱਡੇ ਸ਼ਹਿਰਾਂ ਵਿੱਚ ਰੋਹਿੰਗਿਆ ਨੂੰ ਦਾਖ਼ਲ ਕਰਵਾਉਣ ਲਈ ਭਾਰਤ ਦੇ ਨਕਲੀ ਪਛਾਣ-ਪੱਤਰ ਬਣਵਾਉਣ ਦੇ ਨਾਲ ਹੀ ਹੋਰ ਦਸਤਾਵੇਜਾਂ ਦੀ ਮਦਦ ਕੀਤੀ ਵੀ ਰਹੀ ਹੈ। ਜਦੋਂ ਤੋਂ ਮਿਆਂਮਾਰ ਵਿੱਚ ਰੋਹਿੰਗਿਆ ਮੁਸਲਾਮਨਾਂ ਦੇ ਉਪਰ ਜੁਲਮ ਸ਼ੁਰੂ ਹੋਏ ਹਨ, ਤਦ ਤੋਂ ਹੀ ਉੱਥੋਂ ਦੇ ਲੋਕ ਦੇਸ਼ ਛੱਡ ਕੇ ਭਾਰਤ ਤੇ ਬੰਗਲਾਦੇਸ਼ ਵਿੱਚ ਆਉਣ ਨੂੰ ਤਿਆਰ ਸਨ। ਭਾਰਤ ਨੇ ਸੁਰੱਖਿਆ ਕਾਰਨਾਂ ਕਰਕੇ ਇਨ੍ਹਾਂ ਰੋਹਿੰਗਿਆ ਮੁਸਲਿਮਾਂ ਨੂੰ ਮਦਦ ਨਹੀਂ ਦਿੱਤੀ। ਹੁਣ ਲੱਖਾਂ ਦੀ ਗਿਣਤੀ ਵਿੱਚ ਰੋਹਿੰਗਿਆ ਮੁਸਲਿਮ ਬੰਗਲਾਦੇਸ਼ ਦੇ ਸ਼ਰਣਾਰਥੀ ਕੈਂਪਾਂ ਵਿੱਚ ਰਹਿਣ ਲਈ ਮਜਬੂਰ ਹਨ।  
ਭਾਰਤ ਨੂੰ ਸ਼ੱਕ ਹੈ ਕਿ ਰੋਹਿੰਗਿਆ ਮੁਸਲਿਮਾਂ ਦੇ ਦੇਸ਼ ਵਿੱਚ ਆਉਣ ਨਾਲ ਅਤਿਵਾਦੀ ਗਤੀਵਿਧੀਆਂ ਵੱਧ ਸਕਦੀਆਂ ਹਨ, ਪਰ ਪੱਛਮੀ ਬੰਗਾਲ ਤੇ ਹੋਰ ਰਾਜਾਂ, ਜੋ ਕਿ ਬੰਗਲਾਦੇਸ਼ ਤੇ ਮਿਆਂਮਾਰ ਦੀ ਸਰਹੱਦ ਨਾਲ ਲਗਦੇ ਹਨ, ਉੱਥੋਂ ਰੋਹਿੰਗਿਆ ਮੁਸਲਿਮ ਗੈਰ-ਕਾਨੂੰਨੀ ਢੰਗ ਨਾਲ ਭਾਰਤੀ ਸਰਹੱਦ ਵਿੱਚ ਦਾਖ਼ਲ ਹੋਣ ਦਾ ਯਤਨ ਕਰ ਰਹੇ ਹਨ। ਇਨ੍ਹਾਂ ਲੋਕਾਂ ਦੀ ਮਦਦ ਕਰਨ ਲਈ ਕੋਲਕਾਤਾ ਤੇ ਗੁਹਾਟੀ ਜਿਹੇ ਸ਼ਹਿਰਾਂ ਵਿੱਚ ਵੱਡੀ ਗਿਣਤੀ ਵਿੱਚ ਦਲਾਲ ਬੈਠੇ ਹੋਏ ਹਨ, ਜੋ ਕਿ ਰੋਹਿੰਗਿਆ ਨੂੰ ਗੈਰ-ਕਾਨੂੰਨੀ ਢੰਗ ਨਾਲ ਭਾਰਤ ਵਿੱਚ ਲਿਆਉਣ ਲਈ ਨਕਲੀ ਪਛਾਣ-ਪੱਤਰ ਤੇ ਹੋਰ ਦਸਤਾਵੇਜ਼ ਬਣਾ ਰਹੇ ਹਨ।
ਖੁਫੀਆ ਏਜੰਸੀਆਂ ਦੁਆਰਾ ਇਕੱਠੇ ਕੀਤੇ ਅੰਦਾਜਿਆਂ ਮੁਤਾਬਕ ਲਗਭਗ 40 ਹਜਾਰ ਰੋਹਿੰਗਿਆ ਮੁਸਲਿਮ ਦੇਸ਼ ਵਿੱਚ ਗੈਰ-ਕਾਨੂੰਨੀ ਢੰਗ ਨਾਲ ਵਸੇ ਹੋਏ ਹਨ। ਇਨ੍ਹਾਂ ਵਿੱਚੋਂ 7096 ਜੰਮੂ-ਕਸ਼ਮੀਰ ’ਚ, ਹੈਦਰਾਬਾਦ ਵਿੱਚ 3059, ਮੇਵਾਤ (ਹਰਿਆਣਾ) ’ਚ 1114, ਪੱਛਮੀ ਉੱਤਰ ਪ੍ਰਦੇਸ਼ ਵਿੱਚ 1200, ਦਿੱਲੀ (ਓਖਲਾ) ਵਿੱਚ 1060 ਅਤੇ ਜੈਪੁਰ ਵਿੱਚ 400 ਰੋਹਿੰਗਿਆ ਮੁਸਲਿਮ ਵਸੇ ਹੋਏ ਹਨ।

ਹੋਰ ਖਬਰਾਂ »