ਰੋਹਿੰਗਿਆ ਮੁਸਲਮਾਨਾਂ ’ਤੇ ਕੀਤੇ ਗਏ ਜੁਲਮਾਂ ਦੀ ਕੀਤੀ ਸਖ਼ਤ ਨਿੰਦਾ

ਵਾਸ਼ਿੰਗਟਨ, 6 ਦਸੰਬਰ (ਹਮਦਰਦ ਨਿਊਜ਼ ਸਰਵਿਸ) : ਅਮਰੀਕੀ ਸਦਨ ਨੇ ਇੱਕ ਮਤਾ ਪਾਸ ਕੀਤਾ ਹੈ, ਜਿਸ ਵਿੱਚ ਰੋਹਿੰਗਿਆ ਮੁਸਲਮਾਨਾਂ ’ਤੇ ਮਿਆਂਮਾਰ ਸਰਕਾਰ ਦੁਆਰਾ ਕੀਤੀ ਕਾਰਵਾਈ ਦੀ ਨਿੰਦਾ ਕਰਦੇ ਹੋਏ ਇਸ ਨੂੰ ਜਾਤੀ ਸਫਾਈ ਕਰਾਰ ਦਿੱਤਾ ਹੈ। ਅਮਰੀਕੀ ਪ੍ਰਤੀਨਿਧੀ ਸਭਾ ਦੇ ਮੈਂਬਰਾਂ ਨੇ ਰੋਹਿੰਗਿਆ ਮੁਸਲਮਾਨਾਂ ’ਤੇ ਕੀਤੇ ਗਏ ਜੁਲਮਾਂ ਦੀ ਸਖ਼ਤ ਨਿੰਦਾ ਕੀਤੀ ਹੈ। ਮਿਆਂਮਾਰ ਸਰਕਾਰ ਦੇ ਇਸ ਰਵੱਈਏ ਦੀ ਅਮਰੀਕੀ ਨੁਮਾਇੰਦਿਆਂ ਨੇ ਸਖ਼ਤ ਆਲੋਚਨਾਂ ਕਰਦੇ ਹੋਏ ਮਿਆਂਮਾਰ ਦੇ ਰਖਾਇਨ ਸੂਬੇ ਵਿੱਚ ਅਜੇ ਵੀ ਜਾਰੀ ਘੱਟਗਿਣਤੀਆਂ ’ਤੇ ਹਮਲਿਆਂ ਨੂੰ ਰੋਕਣ ਦੀ ਮੰਗ ਕੀਤੀ ਹੈ।

ਅਮਰੀਕੀ ਪ੍ਰਤੀਨਿਧੀ ਸਦਨ ਨੇ ਮੰਗਲਵਾਰ ਨੂੰ ਮਤਾ ਪਾਸ ਕੀਤਾ ਹੈ, ਜਿਸ ਵਿੱਚ ਰਖਾਇਨ ਸੂਬੇ ਵਿੱਚ ਤੁਰੰਤ ਮਨੁੱਖਤਾਵਾਦੀ ਮਦਦ ਪਹੁੰਚਾਉਣ ਦੀ ਅਪੀਲ ਕੀਤੀ ਹੈ। ਮਤੇ ਮੁਤਾਬਕ ਰਖਾਇਨ ਸੂਬੇ ਵਿੱਚ ਰੋਹਿੰਗਿਆ ਦੀ ਮਦਦ ਲਈ ਮਨੁੱਖੀ ਅਧਿਕਾਰ ਸੰਗਠਨਾਂ ਤੇ ਹੋਰ ਮਦਦ ਪਹੁੰਚਾਉਣ ਲਈ ਮਿਆਂਮਾਰ ਸਰਕਾਰ ਨੂੰ ਸਹਿਯੋਗ ਦੇਣਾ ਚਾਹੀਦਾ ਹੈ।

ਅਮਰੀਕੀ ਨੁਮਾਇੰਦਿਆਂ ਨੇ ਮਤੇ ਦੇ ਮਾਧਿਅਮ ਨਾਲ ਕਿਹਾ ਹੈ ਕਿ ਮਿਆਂਮਾਰ ਤੋਂ ਭੱਜਣ ਨੂੰ ਮਜਬੂਰ ਹੋਏ ਲਗਭਗ 6 ਲੱਖ ਤੋਂ ਵੱਧ ਰੋਹਿੰਗਿਆ ਮੁਸਲਮਾਨਾਂ ਦੀ ਆਪਣੇ ਦੇਸ਼ ਵਿੱਚ ਤਤਕਾਲ ਬਹਾਲੀ ਦਾ ਹੁਕਮ ਮਿਆਂਮਾਰ ਸਰਕਾਰ ਦੁਆਰਾ ਜਾਰੀ ਕੀਤਾ ਜਾਵੇ। ਅਮਰੀਕੀ ਪ੍ਰਤੀਨਿਧੀ ਸਭਾ ਦੇ ਇੱਕ ਮੈਂਬਰ ਨੇ ਬਿਆਨ ਵਿੱਚ ਕਿਹਾ ਹੈ ਕਿ ਸਾਡੇ ਦੁਆਰਾ ਪਾਸ ਕੀਤੇ ਗਏ ਮਤੇ ਵਿੱਚ ਮਿਆਂਮਾਰ ਦੇ ਨੇਤਾਵਾਂ ਨੂੰ ਸਖ਼ਤ ਸੁਨੇਹਾ ਜਾਵੇਗਾ ਕਿ ਉਹ ਇਸ ਤਰ੍ਹਾਂ ਦੇ ਜੁਲਮ ਪੂਰੀ ਤਰ੍ਹਾਂ ਬੰਦ ਕਰ ਦੇਣ। ਨਾਲ ਹੀ ਮਿਆਂਮਾਰ ਦੀਆਂ ਸਰਹੱਦਾਂ ਅੰਦਰ ਰਹਿਣ ਵਾਲੇ ਸਾਰੇ ਲੋਕਾਂ ਦੇ ਨਿੱਜੀ ਅਧਿਕਾਰਾਂ ਅਤੇ ਆਜਾਦੀ ਦੀ ਰੱਖਿਆ ਕਰਨ। ਇਸ ਤੋਂ ਬਿਨਾ ਅਮਰੀਕੀ ਕਾਂਗਰਸ ਦੇ ਮੈਂਬਰਾਂ ਨੇ ਇਸ ਮਤੇ ਰਾਹੀਂ ਮਿਆਂਮਾਰ ਦੇ ਸੁਰੱਖਿਆ ਦਸਤਿਆਂ ਦੇ ਇਸ ਕਾਰੇ ਨੂੰ ਭਿਆਨਕ ਕਰਾਰ ਦਿੱਤਾ ਹੈ। ਨਾਲ ਹੀ ਹਿੰਸਾ ਨੂੰ ਤੁਰੰਤ ਬੰਦ ਕਰਨ ਦੀ ਮੰਗ ਕੀਤੀ ਹੈ। ਅਮਰੀਕ ਪ੍ਰਤੀਨਿਧੀ ਮੈਂਬਰ ਏਲੀਅਟ ਐਂਗਲ ਨੇ ਕਿਹਾ ਹੈ ਕਿ ਅਸੀਂ ਫੌਜ ਦੇ ਦਾਅਵਿਆਂ ਨੂੰ ਪੂਰੀ ਤਰ੍ਹਾਂ ਨਕਾਰਦੇ ਹਾਂ।  ਉਨ੍ਹਾਂ ਨੇ ਫੌਜ ਦੀਆਂ ਸਾਰੀਆਂ ਗੱਲਾਂ ਨੂੰ ਬਕਵਾਸ ਦੱਸਦੇ ਹੋਏ ਰੋਹਿੰਗਿਆ ’ਤੇ ਕੀਤੇ ਗਏ ਜੁਲਮਾਂ ਨੂੰ ਜਾਤੀ ਸਫਾਈ ਕਰਾਰ ਦਿੱਤਾ ਹੈ।  

ਮਤੇ ਵਿੱਚ ਕਿਹਾ ਗਿਆ ਹੈ ਕਿ ਹੋਰਨਾਂ ਮੁਲਕਾਂ ਨੂੰ ਵੀ ਰੋਹਿੰਗਿਆ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਉੱਥੇ ਹੀ ਅਮਰੀਕੀ ਪ੍ਰਤੀਨਿਧੀ ਸਭਾ ਦੇ ਮੈਂਬਰਾਂ ਨੇ ਬੰਗਲਾਦੇਸ਼ ਦਾ ਧਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਰੋਹਿੰਗਿਆ ਨੂੰ ਪਨਾਹ ਦੇ ਕੇ ਕਾਫੀ ਚੰਗਾ ਕੰਮ ਕੀਤਾ ਹੈ।  

ਹੋਰ ਖਬਰਾਂ »