ਭਾਦਸੋਂ, 7 ਦਸੰਬਰ (ਹ.ਬ.) : ਇੱਥੋਂ ਦੇ ਇੱਕ 28 ਸਾਲਾ ਨੌਜਵਾਨ ਤੇ ਉਸ ਦੇ ਇਕ ਹੋਰ ਸਾਥੀ ਦੀ ਮਲੇਸ਼ੀਆ ਵਿਚ ਅਣਪਛਾਤਿਆਂ ਵਲੋਂ ਚਾਕੂ ਮਾਰ ਕੇ ਕਤਲ ਕੀਤੇ ਜਾਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਭਾਦਸੋਂ ਦੇ ਵਾਰਡ ਨੰ: 10 ਦੇ ਵਸਨੀਕ ਗੁਰਪ੍ਰੀਤ ਸਿੰਘ ਪੁੱਤਰ ਸਵ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਕਰੀਬ 3 ਸਾਲ ਪਹਿਲਾ ਆਪਣੇ ਛੋਟੇ ਭਰਾ ਗੁਰਜੀਤ ਨੂੰ ਰੁਜ਼ਗਾਰ ਲਈ ਮਲੇਸ਼ੀਆ ਵਿਖੇ ਭੇਜਿਆ ਸੀ। ਦੋ ਦਸੰਬਰ ਨੂੰ ਉਸ ਦਾ ਭਰਾ ਆਪਣੇ ਸਾਥੀ ਨਾਲ ਡਿਊਟੀ 'ਤੇ ਜਾ ਰਿਹਾ ਸੀ ਤਾਂ ਘਰ ਤੋਂ ਥੋਡ਼੍ਹੀ ਦੂਰ ਹੀ ਅਣਪਛਾਤੇ ਵਿਅਕਤੀਆਂ ਨੇ ਦੋਵਾਂ  'ਤੇ ਚਾਕੂ ਨਾਲ ਹਮਲਾ ਕਰ ਦਿੱਤਾ ਜਿਸ ਨਾਲ ਦੋਵਾਂ ਦੀ ਮੌਤ ਹੋ ਗਈ। ਦੂਜਾ ਨੌਜਵਾਨ ਹਰਿਆਣਾ ਦਾ ਵਸਨੀਕ ਹੈ। ਉਨ੍ਹਾਂ ਦੱਸਿਆ ਕਿ ਮਲੇਸ਼ੀਆ ਤੋਂ ਇਸ ਘਟਨਾ ਦੀ ਜਾਣਕਾਰੀ ਗੁਰਜੀਤ ਸਿੰਘ ਦੇ ਸਾਥੀਆਂ ਨੇ ਦਿੱਤੀ। ਇਸ ਘਟਨਾ ਸਬੰਧੀ ਐਸਡੀਐਮ ਨਾਭਾ ਜਸ਼ਨਪ੍ਰੀਤ ਕੌਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਅਜਿਹੀ ਕੋਈ ਘਟਨਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਹੈ।

ਹੋਰ ਖਬਰਾਂ »