ਦਰਜ ਕੇਸ ਖ਼ਿਲਾਫ਼ ਹਾਈ ਕੋਰਟ ਜਾਵੇਗੀ ਪਾਰਟੀ


ਚੰਡੀਗੜ੍ਹ, 11 ਦਸੰਬਰ (ਹ.ਬ.) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਉਨ੍ਹਾਂ ਅਤੇ ਉਨ੍ਹਾਂ ਦੀ ਸਮੁੱਚੀ ਲੀਡਰਸ਼ਿਪ ਨੂੰ ਗ੍ਰਿਫ਼ਤਾਰ ਕਰਨ ਦੀ ਚੁਣੌਤੀ ਦਿੱਤੀ ਹੈ। ਉਨ੍ਹਾਂ ਨੇ ਇਹ ਚੁਣੌਤੀ ਪੰਜਾਬ ਭਰ ਵਿਚ ਅਕਾਲੀਆਂ ਦੁਆਰਾ ਦਿੱਤੇ ਗਏ ਧਰਨੇ ਤੋਂ ਬਾਅਦ ਉਨ੍ਹਾਂ ਦੇ ਖ਼ਿਲਾਫ਼  ਦਰਜ ਹੋਏ ਕੇਸ ਤੋਂ ਬਾਅਦ ਹੀ ਦਿੱਤੀ ਹੈ। ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਤੋ ਬਾਅਦ ਪੱਰਤਕਾਰਾਂ: ਨਾਲ ਗੱਲਬਾਤ ਕਰਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਇਸ ਤਰ੍ਹਾਂ ਦੇ ਕੇਸ ਦਰਜ ਹੋਣੇ ਅਕਾਲੀ ਦਲ ਦੇ ਵਰਕਰਾਂ ਦੇ ਲਈ ਆਮ ਗੱਲ ਹੈ। ਉਨ੍ਹਾਂ ਕਿਹਾ ਕਿ ਪਾਰਟੀ ਇਨ੍ਹਾਂ ਸਾਰੇ ਕੇਸਾਂ ਨੂੰ ਲੈ ਕੇ ਹਾਈ ਕੋਰਟ ਵਿਚ ਇਕ ਪਟੀਸ਼ਨ ਦਾਇਰ ਕਰੇਗੀ ਅਤੇ ਇਨ੍ਹਾਂ ਦੀ ਜਾਂਚ ਸੀਬੀਆਈ ਤੋਂ ਕਰਾਉਣ ਦੀ ਮੰਗ ਕਰੇਗੀ। ਇਸ ਤੋਂ ਇਲਾਵਾ ਪੰਜਾਬ ਦੇ ਰਾਜਪਾਲ ਨਾਲ ਵੀ ਮੁਲਾਕਾਤ ਕੀਤੀ ਜਾਵੇਗੀ।  ਉਨ੍ਹਾ ਕਿਹਾ ਕਿ ਹਾਈ ਕੋਰਟ ਵਿਚ ਦਾਇਰ ਕੀਤੀ ਜਾਣ ਵਾਲੀ ਪਟੀਸ਼ਨ ਵਿਚ ਕਾਂਗਰਸੀ ਨੇਤਾਵਾਂ ਦੇ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਵੀ ਕੀਤੀ ਜਾਵੇਗੀ। ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਦੀ ਧੱਕੇਸ਼ਾਹੀ ਦਾ ਮੁਕਾਬਲਾ ਕਰਨ ਲਈ ਪਾਰਟੀ ਹਰ ਪਿੰਡ ਵਿਚ ਦਸ ਵਲੰਟੀਅਰਾਂ ਦੀ ਇਕ ਕਮੇਟੀ ਬਣਾਵੇਗੀ ਜੋ ਧੱਕੇਸ਼ਾਹੀ ਹੋਣ 'ਤੇ ਧਰਨੇ ਅਤੇ ਪ੍ਰਦਰਸ਼ਨ ਕਰੇਗੀ। ਪੰਜਾਬ ਵਿਚ ਇਸ ਤਰ੍ਹਾਂ ਸਾਡੇ ਕੋਲ ਸਵਾ ਲੱਖ ਲੋਕਾਂ ਦੀ ਫ਼ੌਜ ਤਿਆਰ ਹੋ ਜਾਵੇਗੀ।

ਹੋਰ ਖਬਰਾਂ »