ਸ੍ਰੀਨਗਰ, 12 ਦਸੰਬਰ (ਹਮਦਰਦ ਨਿਊਜ਼ ਸਰਵਿਸ)  : ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਜ਼ਿਲ•ੇ ਦੇ ਗੁਰੇਜ ਸੈਕਟਰ 'ਚ ਕੰਟਰੋਲ ਰੇਖਾ 'ਤੇ ਫੌਜ ਦੀ ਇਕ ਚੌਕੀ ਪਹਾੜਾਂ ਤੋਂ ਖੁਰੀ ਬਰਫ ਦੀ ਲਪੇਟ 'ਚ ਆ ਗਈ ਜਿਸ ਕਾਰਨ ਪੰਜ ਜਵਾਨ ਲਾਪਤਾ ਹੋ ਗਏ ਹਨ। ਦੇਰ ਰਾਤ ਨੂੰ ਗੁਰੇਜ ਦੇ ਬਕਤੂਰ ਦੀ ਨੈਨਾਪੋਸਟ ਬਰਫ਼ਾਨੀ ਤੂਫਾਨ ਦੀ ਲਪੇਟ 'ਚ ਆ ਗਈ ਜਿਸ ਕਾਰਨ 36 ਰਾਸ਼ਟਰੀ ਰਾਈਫਲਜ਼ ਦੇ 5 ਜਵਾਨ ਸੋਮਵਾਰ ਰਾਤ ਤੋਂ ਲਾਪਤਾ ਦੱਸੇ ਜਾ ਰਹੇ ਹਨ। ਇਸ ਦੀ ਜਾਣਕਾਰੀ ਮਿਲਦਿਆਂ ਹੀ ਮੰਗਲਵਾਰ ਰਾਤ ਨੂੰ ਰਾਹਤ ਮੁਹਿੰਮ ਸ਼ੁਰੂ ਕਰ ਦਿੱਤੀ ਗਈ। ਗੁਰੇਜ 'ਚ ਐਤਵਾਰ ਤੋਂ ਲਗਾਤਾਰ ਬਰਫਬਾਰੀ ਹੋ ਰਹੀ ਹੈ। ਕੰਟਰੋਲ ਰੇਖਾ ਨਾਲ ਲਗਦੇ ਇਲਾਕੇ 'ਚ ਇਸ ਵੇਲੇ ਪੰਜ ਫੁੱਟ ਬਰਫ਼ ਹੈ। ਫੌਜ ਦੇ ਜਵਾਨ ਆਧੁਨਿਕ ਯੰਤਰਾਂ, ਖੋਜੀ ਕੁੱਤਿਆਂ ਦੀ ਮਦਦ ਨਾਲ ਲਾਪਤਾ ਜਵਾਨਾਂ ਦੀ ਭਾਲ 'ਚ ਜੁਟੇ ਹੋਏ ਹਨ। ਖੇਤਰ 'ਚ ਬਰਫ਼ਬਾਰੀ ਜਾਰੀ ਹੈ ਤੇ ਖਰਾਬ ਮੌਸਮ ਰਾਹਤ ਕਾਰਜਾਂ 'ਚ ਅੜਿੱਕਾ ਪਾ ਰਿਹਾ ਹੈ। ਇਸ ਸਾਲ ਜਨਵਰੀ ਮਹੀਨੇ 'ਚ ਵੀ ਗੁਰੇਜ 'ਚ ਫੌਜ ਦੀਆਂ ਦੋ ਚੌਕੀਆਂ ਬਰਫ਼ਾਨੀ ਤੂਫਾਨ ਕਾਰਨ ਤਬਾਹ ਹੋ ਜਾਣ ਕਾਰਨ 15 ਫੌਜੀਆਂ ਦੀ ਮੌਤ ਹੋ ਗਈ ਸੀ।   

ਹੋਰ ਖਬਰਾਂ »