ਮਿਸ਼ੀਗਨ, 1 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਸਰਦੀ ਦਾ ਕਹਿਰ ਜਿਆਦਾਤਰ ਦੇਸ਼ਾਂ ਵਿੱਚ ਜਾਰੀ ਹੈ, ਪਰ ਸਰਦੀਆਂ ਵਿੱਚ ਬਰਫਬਾਰੀ ਕਾਰਨ ਸਭ ਤੋਂ ਜਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਵਾਹਨ ਚਾਲਕਾਂ ਨੂੰ ਕਰਨਾ ਪੈਂਦਾ ਹੈ। ਸਰਦੀਆਂ ਦੌਰਾਨ ਭਾਰੀ ਬਰਫ਼ਬਾਰੀ ਅਤੇ ਘੱਟ ਵਿਜੀਬਿਲਟੀ ਕਾਰਨ ਸੜਕ ਦੁਰਘਟਨਾ ਦੀ ਹਮੇਸ਼ਾ ਸੰਭਾਵਨਾ ਬਣੀ ਰਹਿੰਦੀ ਹੈ। ਅਜਿਹੀ ਹੀ ਇੱਕ ਘਟਨਾ ਅਮਰੀਕਾ ਵਿੱਚ ਦੇਖਣ ਨੂੰ ਮਿਲੀ, ਜਿੱਥੇ ਘੱਟ ਵਿਜੀਬਿਲਟੀ ਕਾਰਨ 40 ਗੱਡੀਆਂ ਆਪਸ ਵਿੱਚ ਟਕਰਾ ਗਈਆਂ। ਇਹ ਹਾਦਸਾ ਮਿਸ਼ੀਗਨ ਦੇ ਇੰਟਰਸਟੇਟ ਹਾਈਵੇ ’ਤੇ ਹੋਇਆ, ਜਿੱਥੇ ਪੂਰੀ ਸੜਕ ਬਰਫ਼ ਨਾਲ ਢਕੀ ਹੋਈ ਸੀ। ਇਸ ਘਟਨਾ ਦਾ ਵੀਡੀਓ ਵੀ ਵਾਇਰਲ ਹੋ ਰਿਹਾ ਹੈ। ਇਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਉਸ ਹਾਈਵੇ ’ਤੇ ਆਉਣ ਵਾਲੀ ਹਰ ਗੱਡੀ ਦਾ ਡਰਾਈਵਰ ਆਪਣਾ ਸੰਤੁਲਨ ਗੁਆ ਦਿੰਦਾ ਹੈ। ਹੌਲੀ-ਹੌਲੀ ਉੱਥੇ ਘੱਟ ਵਿਜੀਬਿਲਟੀ ਕਾਰਨ 40 ਗੱਡੀਆਂ ਆਪਸ ਵਿੱਚ ਟਕਰਾ ਜਾਂਦੀਆਂ ਹਨ। ਇਸ ਘਟਨਾ ਤੋਂ ਬਾਅਦ ਹਾਈਵੇ ਨੂੰ 3 ਘੰਟੇ ਲਈ ਬੰਦ ਕਰਨਾ ਪਿਆ ਅਤੇ ਪ੍ਰਸ਼ਾਸਨ ਨੂੰ ਵੀ ਗੱਡੀਆਂ ਨੂੰ ਹਟਾਉਣ ਵਿੱਚ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਘਟਨਾ ਦੇ ਸਬੰਧ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਉਸ ਸਮੇਂ ਉੱਥੇ ਦੀ ਵਿਜੀਬਿਲਟੀ ਜੀਰੋ ਸੀ, ਇਸ ਲਈ ਉਸ ਸਮੇਂ ਹਾਦਸੇ ਵਿੱਚ ਇੰਨੀ ਵੱਡੀ ਗਿਣਤੀ ਵਿੱਚ ਟਰੱਕ ਅਤੇ ਗੱਡੀਆਂ ਆਪਸ ਵਿੱਚ ਟਕਰਾ ਗਈਆਂ। ਇਸ ਹਾਦਸੇ ਦੀ ਪੁਲਿਸ ਅਜੇ ਵੀ ਜਾਂਚ ਕਰ ਰਹੀ ਹੈ। ਗੱਡੀਆਂ ਦੀ ਇਸ ਭਿਆਨਕ ਟੱਕਰ ਵਿੱਚ ਤਿੰਨ ਲੋਕ ਜ਼ਖ਼ਮੀ ਵੀ ਹੋ ਗਏ।

ਹੋਰ ਖਬਰਾਂ »