ਚੰਡੀਗੜ੍ਹ, 2 ਜਨਵਰੀ (ਹ.ਬ.) : ਪੰਜਾਬ ਵਿਚ ਚੜ੍ਹਦੇ ਸਾਲ ਵਾਪਰੇ ਹਾਦਸਿਆਂ ਨੇ ਕਈ ਵਿਅਕਤੀਆਂ ਦੀ ਜਾਨ ਲੈ ਲਈ। ਬਿਆਸ, ਤਰਨਤਾਰਨ, ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਵਿਚ ਵਾਪਰੇ ਸੜਕ ਹਾਦਸਿਆਂ ਵਿਚ 13 ਲੋਕਾਂ ਦੀ ਮੌਤ ਤੇ 8 ਜਣੇ ਜ਼ਖਮੀ ਹੋ ਗਏ।
ਜਲੰਧਰ-ਅੰਮ੍ਰਿਤਸਰ ਰੋਡ 'ਤੇ ਕਸਬਾ ਬਿਆਸ ਵਿਚ ਟਰਾਲੀ ਤੇ ਕਾਰ ਦੀ ਟੱਕਰ 4 ਜਣਿਆਂ ਦੀ ਮੌਤ ਹੋ ਗਈ ਤੇ ਚਾਰ ਜਣੇ ਫੱਟੜ ਹੋ ਗਏ। ਇਨ੍ਹਾਂ ਵਿਚੋਂ ਸੁਰਜੀਤ ਸਿੰਘ ਵਾਸੀ ਪ੍ਰੀਤ ਨਗਰ ਸੋਡ ਰੋਡ ਜਲੰਧਰ, ਜਪਜੋਤ 4 ਪੁੱਤਰ ਗੁਰਪ੍ਰੀਤ ਸਿੰਘ, ਨੂਰ 3, ਪੁੱਤਰ ਭੁਪਿੰਦਰ ਸਿੰਘ, ਗੁਰਪ੍ਰੀਤ ਕੌਰ ਸਿੰਮੀ ਪਤਨੀ ਗੁਰਪ੍ਰੀਤ ਸਿੰਘ ਦੀ ਮੌਤ ਹੋ ਗਈ। 
ਪਿੰਡ ਰਸੂਲਪੁਰ ਨੇੜੇ ਵਾਪਰੇ ਸੜਕ ਹਾਦਸੇ ਵਿਚ ਮੋਗਾ ਵਾਸੀ ਭਗਵਾਨ ਦਾਸ 63, ਉਸ ਦੀ ਪਤਨੀ ਸਰੋਜ ਰਾਣੀ 60 ਅਤੇ ਉਨ੍ਹਾਂ ਦੇ ਕਾਰ ਚਾਲਕ ਹਰਨੇਕ ਸਿੰਘ ਦੀ ਮੌਤ ਹੋ ਗਈ। ਇਸ ਜੋੜੇ ਦੀ ਲੜਕੀ ਸਮਾਈਲ ਜ਼ਖਮੀ ਹੋ ਗਈ।  ਕਾਰ ਸਵਾਰ ਮੋਗਾ ਤੋਂ ਬਿਆਸ ਦੇ ਰਾਧਾ ਸੁਆਮੀ ਡੇਰੇ ਵੱਲ ਸਵਿਫਟ ਕਾਰ ਵਿਚ ਜਾ ਰਹੇ ਸੀ। ਰਸੂਲਪੁਰ ਨੇੜੇ ਉਨ੍ਹਾਂ ਦੀ ਕਾਰ ਦੀ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਟੱਕਰ ਹੋ ਗਈ।  ਪੁਲਿਸ ਨੇ ਟਰੱਕ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ। ਇਸੇ ਦੌਰਾਨ ਰਣਜੀਤ ਸਿੰਘ ਅਪਣੇ ਚਚੇਰੇ ਭਰਾ ਸੁਖਚੈਨ ਸਿੰਘ ਨਾਲ ਮੋਟਰ ਸਾਈਕਲ 'ਤੇ ਚੱਬਾ ਦੇ ਗੁਰਦੁਆਰਾ ਟਾਹਲਾ ਸਾਹਿਬ ਮੱਥਾ ਟੇਕਣ ਜਾ ਰਿਹਾ ਸੀ ਅਤੇ ਪਿੰਡ ਦੋਬੁਰਜੀ ਨੇੜੇ ਸਾਹਮਣੇ ਤੋਂ ਆ ਰਹੀ ਤੇਜ਼ ਰਫਤਾਰ Îਇੰਡੀਕਾ ਕਾਰ  ਨੇ ਮੋਟਰ ਸਾਈਕਲ ਨੂੰ ਫੇਟ ਮਾਰ ਦਿੱਤੀ ਜਿਸ ਨਾਲ ਰਣਜੀਤ ਸਿੰਘ ਦੀ ਮੌਤ ਹੋ ਗਈ ਤੇ ਸੁਖਚੈਨ ਜ਼ਖਮੀ ਹੋ ਗਿਆ। ਹੁਸ਼ਿਆਰਪੁਰ ਕੱਲ ਰਾਤ ਵਿਆਹ ਤੋਂ ਪਰਤ ਰਿਹਾ ਪਰਿਵਾਰ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਵਿਚ ਪਤੀ-ਪਤਨੀ ਸਮੇਤ 3 ਜਣਿਆਂ ਦੀ ਮੌਤ ਹੋ ਗਈ।  ਇਸੇ ਤਰ੍ਹਾਂ ਅੰਮ੍ਰਿਤਸਰ-ਜਲੰਧਰ ਹਾਈਵੇ 'ਤੇ ਸੁਨਹਿਰੀ ਗੇਟ ਨੇੜੇ ਟਰੱਕ ਦੀ ਫੇਟ ਨਾਲ ਮੋਟਰ ਸਾਈਕਲ ਸਵਾਰ ਬਲਵਿੰਦਰ ਸਿੰਘ ਅਤੇ ਜੈਮਲ ਸਿੰਘ ਦੀ ਮੌਤ ਹੋ ਗਈ।

ਹੋਰ ਖਬਰਾਂ »