ਭਾਰਤੀ ਆਈਟੀ ਪੇਸ਼ੇਵਰਾਂ ਵੱਲੋਂ ਜਿਆਦਾਤਰ ਕੀਤੀ ਜਾਂਦੀ ਹੈ ਇਸ ਵੀਜੇ ਦੀ ਵਰਤੋਂ

ਵਾਸ਼ਿੰਗਟਨ, 3 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਭਾਰਤ ਦੇ ਸੂਚਨਾ ਤਕਨਾਲੋਜੀ ਪੇਸ਼ੇਵਰਾਂ ਵੱਲੋਂ ਪ੍ਰਮੁੱਖ ਤੌਰ ’ਤੇ ਵਰਤੇ ਜਾਣ ਵਾਲੇ ਐਚ1-ਬੀ ਵੀਜ਼ੇ ਨੂੰ ਹੋਰ ਵਿਸਤਾਰ ਨਾ ਦੇਣ ਸਬੰਧੀ ਨਿਯਮ ਬਣਾਉਣ 'ਤੇ ਵਿਚਾਰ ਕਰ ਰਿਹਾ ਹੈ। ਇਹ ਰਾਸ਼ਟਰਪਤੀ ਡੋਨਾਲਡ ਟਰੰਪ ਦੀ ‘ਖਰੀਦੋ ਅਮਰੀਕੀ ਸਮਾਨ, ਰੋਜ਼ਗਾਰ ਦਿਓ ਅਮਰੀਕੀ ਨੂੰ’ (ਭਾਵ ਬਾਏ ਅਮੈਰੀਕਨ ਹਾਇਰ ਅਮੈਰੀਕਨ) ਨੀਤੀ ਦਾ ਹਿੱਸਾ ਹੈ। ਟਰੰਪ ਦੇ ਇਸ ਕਦਮ ਨਾਲ ਅਜਿਹੇ ਹਜ਼ਾਰਾਂ ਵਿਦੇਸ਼ੀ ਕਰਮਚਾਰੀ, ਜਿਨ੍ਹਾਂ ਦੀਆਂ ਗ੍ਰੀਨ ਕਾਰਡ ਲਈ ਅਰਜ਼ੀਆਂ ਲਟਕ ਰਹੀਆਂ ਹਨ, ਉਹ ਐਚ1-ਬੀ ਵੀਜ਼ਾ ਕਾਇਮ ਨਹੀਂ ਰੱਖ ਸਕਣਗੇ।

ਰਿਪੋਰਟ ਅਨੁਸਾਰ ਇਸ ਸੰਬੰਧ 'ਚ ਇਕ ਪ੍ਰਸਤਾਵ ਗ੍ਰਹਿ ਸੁਰੱਖਿਆ ਵਿਭਾਗ ਦੇ ਮੁਖੀਆਂ ਵਿਚਕਾਰ ਸਾਂਝਾ ਕੀਤਾ ਗਿਆ ਹੈ। ਇਹ ਟਰੰਪ ਦੀ ਬਾਏ ਅਮੈਰੀਕਨ ਤੇ ਹਾਇਰ ਅਮੈਰੀਕਨ ਪਹਿਲ ਦਾ ਹਿੱਸਾ ਹੈ, ਜਿਸ ਬਾਰੇ ਉਨ੍ਹਾਂ ਨੇ 2016 ਦੀਆਂ ਚੋਣਾਂ ਦੌਰਾਨ ਵਾਅਦਾ ਕੀਤਾ ਸੀ। ਇਸ ਪ੍ਰਸਤਾਵ ਦਾ ਉਦੇਸ਼ ਐਚ1-ਬੀ ਵੀਜ਼ਾ ਦੀ ਦੁਰਵਰਤੋਂ ਨੂੰ ਰੋਕਣਾ ਹੈ। ਨਾਲ ਹੀ ਜਿਨ੍ਹਾਂ ਲੋਕਾਂ ਕੋਲ ਗ੍ਰੀਨ ਕਾਰਡ ਹੈ, ਉਨ੍ਹਾਂ ਲਈ ਵੀਜ਼ਾ ਵਧਾਉਣ ਵਾਲੇ ਪ੍ਰਸਤਾਵ ਨੁੰ ਖਤਮ ਕਰਨਾ ਹੈ।

ਰਿਪੋਰਟ ਅਨੁਸਾਰ ਵਰਤਮਾਨ ਸਮੇਂ 'ਚ ਇਹ ਕਾਨੂੰਨ ਬਿਨੈਕਾਰ ਦੀ ਲਟਕ ਰਹੀ ਅਰਜ਼ੀ ਦੀ ਮਿਆਦ ਲਈ ਐਚ1-ਬੀ ਵੀਜ਼ਾ ਦਾ ਦੋ ਵਾਰ ਵਿਸਤਾਰ ਕਰਨ ਦੀ ਇਜਾਜ਼ਤ ਦਿੰਦਾ ਹੈ। ਇਸ ਤੋਂ ਬਾਅਦ ਵੀ ਲੋੜ ਪੈਣ 'ਤੇ ਅਮਰੀਕੀ ਪ੍ਰਸ਼ਾਸਨ ਇਸ ਮਿਆਦ ਨੂੰ ਵਧਾ ਸਕਦਾ ਹੈ।

ਦੱਸਣਯੋਗ ਹੈ ਕਿ ਇਸ ਵੀਜ਼ੇ ਦੀ ਜ਼ਿਆਦਾਤਰ ਵਰਤੋਂ ਪ੍ਰਵਾਸੀ ਭਾਰਤੀ ਕਰਦੇ ਹਨ। ਸੂਤਰਾਂ ਅਨੁਸਾਰ ਇਸ ਪਿੱਛੇ ਇਹ ਕਾਰਨ ਮੰਨਿਆ ਜਾਂਦਾ ਹੈ ਕਿ ਅਮਰੀਕਾ 'ਚ ਹਜ਼ਾਰਾਂ ਭਾਰਤੀ ਤਕਨੀਕੀ ਕਰਮਚਾਰੀਆਂ ਲਈ ਇਕ ਤਰ੍ਹਾਂ ਨਾਲ 'ਸਵੈ ਜਲਾਵਤਨੀ' ਦਾ ਮਾਹੌਲ ਤਿਆਰ ਕਰਨਾ ਹੈ ਤਾਂ ਕਿ ਉਹ ਰੁਜ਼ਗਾਰ ਅਮਰੀਕੀਆਂ ਨੂੰ ਮਿਲ ਸਕੇ।

 

ਹੋਰ ਖਬਰਾਂ »

ਅੰਤਰਰਾਸ਼ਟਰੀ