ਵਾਸ਼ਿੰਗਟਨ, 7 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਅਮਰੀਕੀ ਚੈਂਬਰ ਆਫ਼ ਕਾਮਰਸ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਅਮਰੀਕਾ ਵਿੱਚ ਸਥਾਈ ਨਿਵਾਸ ਲਈ ਅਰਜੀ ਦੇ ਚੁੱਕੇ ਅਤੇ ਉੱਥੇ ਕੰਮ ਕਰ ਰਹੇ ਵਿਅਕਤੀਆਂ ਦੇ ਹਿੱਤਾਂ ਵਿਰੁੱਧ ਐਚ-1ਬੀ ਵੀਜੇ ਵਿੱਚ ਬਦਲਾਅ ਕਰਨਾ ਗ਼ਲਤ ਨੀਤੀ ਹੋਵੇਗੀ। ਅਮਰੀਕੀ ਚੈਂਬਰ ਆਫ਼ ਕਾਮਰਸ ਨੇ ਅਮਰੀਕੀ ਪ੍ਰਸ਼ਾਸਨ ਦੁਆਰਾ ਐਚ-1ਬੀ ਵੀਜਾ ਜਾਰੀ ਕਰਨ ਸਬੰਧੀ ਨਿਯਮਾਂ ਨੂੰ ਸਖ਼ਤ ਬਣਾਉਣ ਦੇ ਕਦਮ ਦਾ ਵਿਰੋਧ ਕੀਤਾ ਹੈ। ਭਾਰਤੀ ਆਈਟੀ ਕੰਪਨੀਆਂ ਵੱਲੋਂ ਮੁੱਖ ਤੌਰ ’ਤੇ ਐਚ-1ਬੀ ਵੀਜਾ ਪ੍ਰਾਪਤ ਕੀਤਾ ਜਾਂਦਾ ਹੈ। ਅਮਰੀਕੀ ਚੈਂਬਰ ਆਫ ਕਾਮਰਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਮਰੀਕਾ ਵਿੱਚ ਸਥਾਈ ਨਿਵਾਸ ਲਈ ਅਰਜੀ ਦੇਣ ਅਤੇ ਉੱਥੇ ਕਈ ਸਾਲਾਂ ਤੋਂ ਕੰਮ ਕਰ ਰਹੇ ਹੁਨਰਮੰਦ ਵਿਅਕਤੀਆਂ ਨੂੰ ਇਹ ਕਹਿਣਾ ਗ਼ਲਤ ਹੋਵੇਗਾ ਕਿ ਅਮਰੀਕਾ ਵਿੱਚ ਹੁਣ ਉਨ੍ਹਾਂ ਦਾ ਆਦਰ ਨਹੀਂ ਹੋਵੇਗਾ। ਚੈਂਬਰ ਨੇ ਕਿਹਾ ਕਿ ਇਸ ਨੀਤੀ ਨਾਲ ਅਮਰੀਕੀ ਕਾਰੋਬਰ, ਸਾਡੀ ਅਰਥਵਿਵਸਥਾ ਅਤੇ ਦੇਸ਼ ਨੂੰ ਨੁਕਸਾਨ ਹੋਵੇਗਾ। ਪ੍ਰਤੀਭਾ ਦੇ ਆਧਾਰ ’ਤੇ ਇੰਮੀਗਰੇਸ਼ਨ ਪ੍ਰਣਾਲੀ ਦੇ ਟੀਚਿਆਂ ਲਈ ਵੀ ਇਹ ਢੁਕਵਾਂ ਕਦਮ ਨਹੀਂ ਹੋਵੇਗਾ। ਪਿਛਲੇ ਮਹੀਨੇ ਅਮਰੀਕਾ ਦੀ ਨਿਊਜ਼ ਏਜੰਸੀ ਮੈੱਕਲੇਟਚੀ ਦੇ ਡੀਸੀ ਬਿਊਰੋ ਦੀ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਅਮਰੀਕਾ ਦਾ ਗ੍ਰਹਿ ਸੁਰੱਖਿਆ ਵਿਭਾਗ ਨਵੇਂ ਨਿਯਮਾਂ ’ਤੇ ਵਿਚਾਰ ਕਰ ਰਿਹਾ ਹੈ, ਜੇਕਰ ਇਹ ਨਿਯਮ ਲਾਗੂ ਹੁੰਦੇ ਹਨ ਤਾਂ ਐਚ-1ਬੀ ਵੀਜਾ ਵਧਾਉਣ ’ਤੇ ਰੋਕ ਲੱਗ ਜਾਵੇਗੀ। ਇਸ ਕਦਮ ਦਾ ਮੁੱਖ ਉਦੇਸ਼ ਲੱਖਾਂ ਵਿਦੇਸ਼ੀ ਕਾਮਿਆਂ ਨੂੰ ਉਨ੍ਹਾਂ ਦੀ ਗ੍ਰੀਨ ਕਾਰਡ ਅਰਜੀ ਲਟਕਣ ’ਤੇ ਐਚ-1ਬੀ ਵੀਜੇ ਤੋਂ ਰੋਕਣਾ ਹੈ। ਰਿਪੋਰਟ ਮੁਤਾਬਕ ਇਹ ਪ੍ਰਸਤਾਵ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ 2016 ਦੀ ਰਾਸ਼ਟਰਪਤੀ ਚੋਣ ਮੁਹਿੰਮ ਦੌਰਾਨ ਕੀਤੇ ਵਾਅਦੇ ‘ਬਾਏ ਅਮੈਰੀਕਨ ਹਾਇਰ ਅਮੈਰੀਕਨ’ ਦਾ ਹਿੱਸਾ ਹੈ।

ਹੋਰ ਖਬਰਾਂ »