ਨਵੀਂ ਦਿੱਲੀ, 9 ਜਨਵਰੀ (ਹ.ਬ.) : ਈ.ਡੀ. ਨੇ ਸੋਮਵਾਰ ਨੂੰ ਵੱਡੀ ਕਾਰਵਾਈ ਕਰਦੇ ਹੋਏ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ 472 ਕਰੋੜ ਰੁਪਏ ਦੀ ਪ੍ਰਾਪਰਟੀ ਜ਼ਬਤ ਕਰ ਲਈ ਹੈ।  ਇਸ ਵਿਚ ਆਸਟ੍ਰੇਲੀਆ ਦੇ ਦੋ ਹੋਟਲਾਂ ਅਤੇ ਕਈ ਜਗ੍ਹਾ ਦੀ ਜ਼ਮੀਨ ਸ਼ਾਮਲ ਹੈ। ਭੰਗੂ 'ਤੇ ਦੋਸ਼ ਹੈ ਕਿ ਉਸ ਨੇ ਇਹ ਪ੍ਰਾਪਰਟੀ ਪੌਂਜੀ ਸਕੀਮਸ ਤਹਿਤ ਇਕੱਠੀ ਕੀਤੀ ਹੈ। ਭੰਗੂ ਨੇ ਪੰਜ ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਅਜਿਹੀ ਸਕੀਮਾਂ ਵਿਚ ਫਸਾ ਕੇ ਹਜ਼ਾਰਾਂ ਕਰੋੜ ਰੁਪਏ ਇਕੱਠੇ ਕਰਕੇ ਵਿਦੇਸ਼ਾਂ ਵਿਚ ਲਗਾਏ।  ਇਸ ਮਾਮਲੇ ਵਿਚ ਸੀਬੀਆਈ ਪਹਿਲਾਂ ਹੀ ਨਿਰਮਲ ਸਿੰਘ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਉਸ ਦੀ ਕਰੀਬ ਇਕ ਹਜ਼ਾਰ ਕਰੋੜ ਦੀ ਪ੍ਰਾਪਰਟੀ ਨੂੰ ਵੀ ਪਹਿਲਾਂ ਜ਼ਬਤ ਕੀਤਾ ਜਾ ਚੁੱਕਾ ਹੈ। ਨਿਰਮਲ ਸਿੰਘ ਭੰਗੂ ਦੀ ਭਾਰਤ ਵਿਚ ਵੀ ਹਜ਼ਾਰਾਂ ਏਕੜ ਜ਼ਮੀਨ ਅਤੇ 100 ਤੋਂ ਜ਼ਿਆਦਾ ਬੈਂਕ ਖਾਤੇ ਸੀਜ ਕੀਤੇ ਜਾ ਚੁੱਕੇ ਹਨ।
ਸਾਲ 2010 ਵਿਚ ਜਦ ਪੰਜਾਬ ਵਿਚ ਅਕਾਲੀ-ਭਾਜਪਾ ਸਰਕਾਰ ਸੀ, ਉਸ ਸਮੇਂ ਪਹਿਲਾ ਕਬੱਡੀ ਵਿਸ਼ਵ ਕੱਪ ਬਠਿੰਡਾ ਵਿਚ ਆਯੋਜਤ ਕੀਤਾ ਗਿਆ ਸੀ। ਪਰਲਜ਼ ਚਿੱਟਫੰਡ ਕੰਪਨੀ ਦੇ ਡਾਇਰੈਕਟਰ ਨਿਰਮਲ ਸਿੰਘ ਭੰਗੂ ਨੇ ਇਸ ਨੂੰ ਸਪਾਂਸਰ ਕੀਤਾ ਸੀ। ਲੋਕਾਂ ਦੇ ਨਿਵੇਸ਼ ਕੀਤੇ ਕਰੋੜਾਂ ਰੁਪਏ ਭੰਗੂ ਨੇ ਉਸ ਸਮੇਂ ਦੀ ਅਕਾਲੀ ਸਰਕਾਰ ਨੂੰ ਖੁਸ਼ ਕਰਨ ਦੇ ਲਈ ਪਾਣੀ ਦੀ ਤਰ੍ਹਾਂ ਵਹਾ ਦਿੱਤੇ ਸੀ। ਭੰਗੂ ਨੇ ਬਠਿੰਡਾ, ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਪਰਲਜ਼ ਦੇ ਨਾਂ ਦੀ ਇਕ ਕਲੌਨੀ ਵੀ ਕੱਟੀ ਸੀ। ਇਹ ਕਲੌਨੀ ਵਿਵਾਦਾਂ ਵਿਚ ਰਹੀ। ਲੇਕਿਨ ਉਸ ਸਮੇਂ ਸਰਕਾਰ ਦਾ ਹੱਥ ਸਿਰ 'ਤੇ ਹੋਣ ਕਾਰਨ ਕੋਈ ਕਾਰਵਾਈ ਨਹੀਂ ਹੋਈ।
ਮੋਹਾਲੀ ਵਿਚ ਵੀ ਪਰਲਜ਼ ਗਰੁੱਪ ਦੀ ਕਰੋੜਾਂ ਦੀ ਜਾਇਦਾਦ ਹੈ। ਸੈਕਟਰ 100 ਅਤੇ 104 ਦਾ ਪੂਰਾ ਅਤੇ ਸੈਕਟਰ 96-99 ਦਾ ਅੱਧਾ ਹਿੱਸਾ ਇਸ ਗਰੁੱਪ ਦਾ ਹੈ। ਹਾਲਾਂਕਿ ਇਨ੍ਹਾ ਸੈਕਟਰਾਂ ਦੇ ਵਿਕਾਸ ਦਾ ਕੰਮ ਅਜੇ ਰੁਕਿਆ ਹੋਇਆ ਹੈ। 

ਹੋਰ ਖਬਰਾਂ »