ਚੰਡੀਗੜ੍ਹ, 10 ਜਨਵਰੀ (ਹ.ਬ.) : ਮੰਗਲਵਾਰ ਸ਼ਾਮ ਸਾਢੇ ਸੱਤ ਵਜੇ ਸੈਕਟਰ 33 ਵਿਚ ਕੋਲਡ ਸਟੋਰ ਮਾਲਕ ਦੇ ਘਰ ਚਾਰ ਨਕਾਬਪੋਸ਼ ਲੁਟੇਰਿਆਂ ਨੇ 20 ਮਿੰਟ ਦੇ ਅੰਦਰ ਹੀਰੇ, ਸੋਨਾ ਅਤੇ ਨਕਦੀ ਮਿਲਾ ਕੇ ਕਰੀਬ ਡੇਢ ਕਰੋੜ ਰੁਪਏ ਦੀ ਲੁੱਟ ਨੂੰ ਅੰਜਾਮ ਦਿੱਤਾ। ਪਿਸਟਲ ਦੀ ਨੋਕ 'ਤੇ ਪਰਿਵਾਰ ਨੂੰ ਬੰਧਕ ਬਣਾ ਕੇ ਨਕਦੀ ਅਤੇ ਗਹਿਣੇ ਲੁੱਟਣ ਤੋਂ ਬਾਅਦ ਬਦਮਾਸ਼ ਅਰਾਮ ਨਾਲ ਭੱਜ ਗਏ। ਸੈਂਟਰੋ ਕਾਰ ਵਿਚ ਆਏ ਚਾਰ ਹਥਿਆਰਬੰਦ ਲੁਟੇਰੇ ਲਾਲੜੂ ਸਥਿਤ ਕੋਲਡ ਸਟੋਰ ਮਾਲਕ ਅਜੀਤ ਜੈਨ ਦੇ ਘਰ ਵਿਚ ਸ਼ਾਮ ਸਾਢੇ ਸੱਤ ਵਜੇ ਵੜੇ। ਘਰ ਵਿਚ ਉਸ ਸਮੇਂ ਕਾਰੋਬਾਰੀ ਦੀ ਪਤਨੀ, ਬੇਟੀ ਅਤੇ ਨੌਕਰ ਮੌਜੂਦ ਸੀ। ਲੁਟੇਰਿਆਂ ਨੇ ਤਿੰਨਾਂ ਨੂੰ ਬੰਧਕ ਬਣਾ ਕੇ ਘਰ ਤੋਂ ਸਾਰੇ ਗਹਿਣੇ ਅਤੇ ਨਕਦੀ ਲੁੱਟ ਲਈ। ਲੁਟੇਰਿਆਂ ਨੇ ਘਰ ਵਿਚ ਮੌਜੂਦ ਔਰਤ ਦੇ ਗਹਿਣੇ ਵੀ ਉਤਰਵਾ ਲਏ। ਘਟਨਾ ਸਮੇਂ ਅਜੀਤ ਜੈਨ ਲਾਲੜੂ ਸਥਿਤ ਅਪਣੇ ਕੋਲਡ ਸਟੋਰ ਵਿਚ ਹੀ ਸੀ। ਰਾਤ 8 ਵਜੇ ਲੁੱਟ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।  ਪੁਲਿਸ ਨੇ ਪੁਛਗਿੱਛ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਹੈ।  ਕੋਲਡ ਸਟੋਰ ਮਾਲਕ ਅਜੀਤ ਜੈਨ ਨੇ ਦੱਸਿਆ ਕਿ ਲੁਟੇਰੇ ਆਪਸ ਵਿਚ ਹਿੰਦੀ ਅਤੇ ਪੰਜਾਬੀ ਵਿਚ ਗੱਲ ਕਰ ਰਹੇ ਸੀ। ਪਤਨੀ ਅਤੇ ਬੇਟੀ ਕੋਲੋਂ ਲੁਟੇਰੇ ਘਰ ਵਿਚ ਰੱਖੇ ਕੈਸ਼ ਤੇ ਗਹਿਣਿਆਂ ਬਾਰੇ ਪੁੱਛ ਰਹੇ ਸੀ। 

ਹੋਰ ਖਬਰਾਂ »