ਕਾਹਨੂੰਵਾਨ, 12 ਜਨਵਰੀ (ਹ.ਬ.) : ਸਹੁਰਾ ਪਰਿਵਾਰ ਤੋਂ ਤੰਗ ਹੋ ਕੇ ਕਸਬਾ ਕਾਹਨੂੰਵਾਨ ਦੇ ਨੇੜਲੇ ਪਿੰਡ ਨਾਨੋਵਾਲ ਜੀਂਦੜ ਵਿਚ ਮਾਂ-ਬਾਪ ਦੇ ਇਕਲੌਤੇ ਪੁੱਤਰ ਪਰਮਜੀਤ ਸਿੰਘ ਨੇ ਆਪਣੇ ਘਰ 'ਚ ਫੇਸਬੁੱਕ 'ਤੇ ਲਾਈਵ ਹੋ ਕੇ ਆਤਮਹੱਤਿਆ ਕਰ ਲਈ। ਆਤਮਹੱਤਿਆ ਤੋਂ ਪਹਿਲੇ ਉਸ ਨੇ ਲਗਭਗ ਡੇਢ ਮਿੰਟ ਤਕ ਦੱਸਿਆ ਕਿ ਉਸ ਦੇ ਸਹੁਰਾ ਪਰਿਵਾਰ ਵਾਲੇ ਉਸ ਨੂੰ ਬੁਰਾ ਭਲਾ ਕਹਿੰਦੇ ਹਨ। ਗੱਲ-ਗੱਲ 'ਤੇ ਜ਼ਲੀਲ ਕਰਦੇ ਹਨ। ਇਸੇ ਕਰ ਕੇ ਹੁਣ ਮੇਰੀ ਜੀਣ ਦੀ ਇੱਛਾ ਖ਼ਤਮ ਹੋ ਚੁੱਕੀ ਹੈ। ਇਸ ਪਿੱਛੋਂ ਉਹ ਆਪਣੇ ਕਮਰੇ 'ਚ ਗਿਆ ਅਤੇ ਪੱਖੇ ਨਾਲ ਕੱਪੜਾ ਬੰਨ੍ਹ ਕੇ ਗਲ਼ੇ 'ਚ ਪਾ ਕੇ ਆਪਣੀ ਮੌਤ ਦਾ ਲਾਈਵ ਪ੍ਰਸਾਰਣ ਕੀਤਾ। ਮ੍ਰਿਤਕ ਦੇ ਪਿਤਾ ਗੁਰਮੀਤ ਸਿੰਘ ਨੇ ਦੱਸਿਆ ਕਿ ਪਰਮਜੀਤ ਸਿੰਘ ਕਰਨਾਟਕ ਵਿਚ ਆਪਰੇਟਰ ਦਾ ਕੰਮ ਕਰਦਾ ਸੀ। ਵਿਆਹ ਤੋਂ ਕੁਝ ਸਮਾਂ ਬਾਅਦ ਹੀ ਪਤੀ-ਪਤਨੀ ਵਿਚ ਝਗੜਾ ਰਹਿਣ ਲੱਗਾ। ਬਲਜੀਤ ਕੌਰ ਗਰਭਵਤੀ ਸੀ ਅਤੇ ਉਸ ਦੇ ਮਾਤਾ-ਪਿਤਾ ਉਸ ਨੂੰ ਆਪਣੇ ਘਰ ਲੈ ਗਏ ਸਨ। ਚਾਰ ਜਨਵਰੀ ਨੂੰ ਉਸ ਨੇ ਇਕ ਬੇਟੇ ਨੂੰ ਜਨਮ ਦਿੱਤਾ। ਪਰਮਜੀਤ ਸਿੰਘ ਆਪਣੀ ਪਤਨੀ ਅਤੇ ਬੱਚੇ ਕੋਲ ਗਿਆ ਸੀ। ਘਰ ਆਉਣ ਪਿੱਛੋਂ ਉਹ ਆਪਣੇ ਪੁੱਤਰ ਦੇ ਜਨਮ ਦੀ ਖ਼ੁਸ਼ੀ ਪਿੰਡ ਦੇ ਲੋਕਾਂ ਅਤੇ ਰਿਸ਼ਤੇਦਾਰਾਂ ਵਿਚ ਵੰਡ ਰਿਹਾ ਸੀ। ਰਾਤ 10 ਵਜੇ ਉਸ ਨੇ ਆਪਣੇ ਕਮਰੇ 'ਚ ਜਾ ਕੇ ਆਤਮਹੱਤਿਆ ਕਰ ਲਈ। ਉਨ੍ਹਾਂ ਦੋਸ਼ ਲਾਇਆ ਕਿ ਪਰਮਜੀਤ ਦੀ ਪਤਨੀ ਅਤੇ ਸਹੁਰਾ ਪਰਿਵਾਰ ਵਾਲੇ ਉਸ ਨੂੰ ਮਾਨਸਿਕ ਤੌਰ 'ਤੇ ਜ਼ਲੀਲ ਕਰਦੇ ਸਨ ਜਿਸ ਕਾਰਨ ਉਹ ਪਰੇਸ਼ਾਨ ਰਹਿੰਦਾ ਸੀ।

ਹੋਰ ਖਬਰਾਂ »