ਨਵੀਂ ਦਿੱਲੀ, 12 ਜਨਵਰੀ (ਹ.ਬ.) : ਉਤਰੀ ਕੋਰੀਆ ਅਤੇ ਅਮਰੀਕਾ ਵਿਚ ਤਣਾਅ ਦੇ ਵਿਚ ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨੇ ਤਾਨਾਸਾਹ ਕਿਮ ਜੋਂਗ ਦੀ ਸ਼ਲਾਘਾ ਕੀਤੀ ਹੈ। ਰੂਸੀ ਰਾਸ਼ਟਰਪਤੀ ਪੁਤਿਨ ਨੇ ਕਿਮ ਨੂੰ ਸਮਝਦਾਰ ਨੇਤਾ ਦੱਸਿਆ ਹੈ। ਉਧਰ ਪਰਮਾਣੂ ਹਥਿਆਰਾਂ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਕਿਮ ਦੇ ਵਿਚ ਜ਼ੁਬਾਨੀ ਜੰਗ ਜਾਰੀ ਹੈ।  ਪੁਤਿਨ ਨੇ ਕਿਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਤਰੀ ਕੋਰੀਆ ਦੇ ਕਿਮ ਜੋਂਗ ਨੇ ਅਪਣੇ ਪਰਮਾਣੂ ਅਤੇ ਮਿਜ਼ਾਈਲ ਪ੍ਰੋਗਰਾਮ ਦੇ ਜ਼ਰੀਏ ਪੱਛਮ ਦੇ ਖ਼ਿਲਾਫ਼ ਰਾਊਂਡ ਜਿੱਤ ਲਿਆ ਹੈ। ਹਾਲਾਂਕਿ ਰੂਸ ਨੇ ਸੰਯੁਕਤ ਰਾਸ਼ਟਰ ਵਿਚ ਉਤਰੀ ਕੋਰੀਆ ਦੇ ਪਰਮਾਣੂ ਪ੍ਰੋਗਰਾਮ ਦੇ ਖ਼ਿਲਾਫ਼ ਲੱਗੇ ਕੌਮਾਂਤਰੀ ਬੈਨ ਦੇ ਪੱਖ ਵਿਚ ਵੋਟ ਕੀਤਾ ਸੀ।  ਪੁਤਿਨ ਨੇ ਕਿਹਾ ਕਿ ਕਿਮ ਖ਼ਾਸ ਰਣਨੀਤੀ ਦੇ ਤਹਿਤ ਕੰਮ ਕਰ  ਰਹੇ ਹਨ ਅਤੇ ਉਨ੍ਹਾਂ ਦੀ ਮਿਜ਼ਾਈਲ ਸਮਰਥਾਵਾਂ ਦੀ ਪਹੁੰਚ ਪੂਰੀ ਦੁਨੀਆ ਤੱਕ ਹੈ ਜੋ ਕਿ 13 ਹਜ਼ਾਰ ਕਿਲੋਮੀਟਰ ਤੱਕ ਗਲੋਬ 'ਤੇ ਕਿਸੇ ਵੀ ਜਗ੍ਹਾ ਨੂੰ ਨਿਸ਼ਾਨਾ ਬਣਾਉਣ ਦੇ ਸਮਰਥ ਹੈ। ਪੁਤਿਨ ਨੇ ਇਹ ਬਿਆਨ ਇਕ ਟੀਵੀ ਚੈਨਲ 'ਤੇ ਗੱਲਬਾਤ ਦੌਰਾਨ ਦਿੱਤਾ ਹੈ।  ਰੂਸੀ ਰਾਸ਼ਟਰਪਤੀ ਨੇ ਇਕ ਵਾਰ ਮੁੜ ਕਿਹਾ ਕਿ ਨਾਰਥ ਕੋਰੀਆ ਨਾਲ ਗੱਲਬਾਤ ਜਾਰੀ ਰਹੇਗੀ, ਨਾਲ ਹੀ ਉਨ੍ਹਾਂ ਕਿਹਾ ਕਿ ਹੁਣ ਕਿਮ ਹਾਲਾਤ ਨੂੰ ਸ਼ਾਂਤ ਰੱਖਣਾ ਚਾਹੁੰਦੇ ਹਨ। ਪਰਮਾਣੂ ਪ੍ਰੋਗਰਾਮ ਨੂੰ ਲੈ ਕੇ ਪ੍ਰਾਇਦੀਪ ਵਿਚ ਲੰਬੇ ਤਣਾਅ ਦੇ ਵਿਚ ਨਾਰਥ ਕੋਰੀਆ ਅਤੇ ਸਾਊਥ ਕੋਰੀਆ ਨੇ ਮੰਗਲਵਾਰ ਨੂੰ ਬੈਠਕ ਵੀ ਕੀਤੀ ਸੀ।

ਹੋਰ ਖਬਰਾਂ »